ਖੰਨਾ (ਪਰਮਜੀਤ ਸਿੰਘ ਧੀਮਾਨ) – ਠੇਕੇਦਾਰ ਦੀ ਅਣਗਹਿਲੀ ਕਾਰਨ ਝੋਨੇ ਦੇ ਸੀਜ਼ਨ ਵਿਚ ਆੜ੍ਹਤੀਆਂ ਨੂੰ ਸਮੱਸਿਆ ਖੜ੍ਹੀ ਹੋ ਗਈ। ਠੇਕੇਦਾਰ ਵੱਲੋਂ ਅਨਾਜ ਮੰਡੀ ਦੇ ਬੂਥਾਂ ਦੀ ਸੜਕ ਬਨਾਉਣੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਅੱਜ ਇਥੇ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਹੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾ ਕਈ ਵਾਰ ਅਪੀਲ ਕੀਤੀ ਗਈ ਸੀ ਕਿ ਸੀਜ਼ਨ ਤੋਂ ਮੰਡੀ ਦੇ ਬੂਥਾਂ ਦੀਆਂ ਸੜਕਾਂ ਦਾ ਕੰਮ ਮੁਕੰਮਲ ਕਰਵਾਇਆ ਜਾਵੇ, ਪ੍ਰਤੂੰ ਪ੍ਰਸਾਸ਼ਨ ਅਤੇ ਠੇਕੇਦਾਰ ਦੀ ਲੇਟ ਲਤੀਫੀ ਕਾਰਨ ਅੱਜ ਕਿਸਾਨ ਖੱਚਲ ਖੁਆਰ ਹੋ ਰਹੇ ਹਨ। ਸੀਜ਼ਨ ਅਰੰਭ ਹੁੰਦੇ ਹੀ ਠੇਕੇਦਾਰ ਦੇ ਮੁਲਾਜ਼ਮਾਂ ਨੇ ਸੜਕਾਂ ਪੱਟ ਦਿੱਤੀਆਂ ਅਤੇ ਹਰ ਥਾਂ ਵੱਡੇ ਵੱਡੇ ਟੋਏ ਪਏ ਹੋਏ ਹਨ, ਜਿੱਥੋਂ ਪੈਦਲ ਲੰਘਣਾ ਵੀ ਮੁਸ਼ਕਿਲ ਹੈ ਅਤੇ ਬਾਰਿਸ਼ ਦੌਰਾਨ ਇਹ ਥਾਂ ਟੋਬੇ ਦਾ ਰੂਪ ਧਾਰ ਲਵੇਗੀ। ਇਸ ਮੌਕੇ ਜਗਦੀਸ਼ ਸਿੰਘ, ਮਨਜੋਤ ਸਿੰਘ ਅਤੇ ਹਰਦੀਪ ਸਿੰਘ ਭੱਟੀ ਨੇ ਪ੍ਰਸ਼ਾਸ਼ਨ ਖਿਲਾਫ਼ ਰੋਸ ਪ੍ਰਗਟਾਇਆ।
ਇਸੇ ਤਰ੍ਹਾਂ ਮੰਡੀ ਦੇ ਮੁੱਖ ਰਸਤੇ ਤੇ ਕੁਝ ਸਮਾਂ ਪਹਿਲਾ ਲੱਖਾਂ ਦੀ ਲਾਗਤ ਨਾਲ ਬਣਾਏ ਲੋਹੇ ਦੇ ਗੇਟ ਹੇਠਾਂ ਘਟੀਆ ਕੁਆਲਿਟੀ ਕਾਰਨ ਪਾਣੀ ਦੀ ਨਿਕਾਸੀ ਲਈ ਜਾਲੀ ਪਹਿਲੇ ਸੀਜ਼ਨ ਹੀ ਟੁੱਟ ਗਈ। ਜਿਸ ਕਾਰਨ ਕਿਸਾਨਾਂ ਨੂੰ ਆਪਣੀਆਂ ਟਰਾਲੀਆਂ ਲੰਘਾਉਣ ਲਈ ਮਿੱਟੀ ਦੀਆਂ ਬੋਰੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਕਿਸਾਨ ਗਿਆਨ ਸਿੰਘ, ਸਿਮਰਨ ਸਿੰਘ, ਗੁਰਮੁੱਖ ਸਿੰਘ ਅਤੇ ਦਲਜੀਤ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਟੁੱਟੀਆਂ ਜਾਲੀਆਂ ਕਾਰਨ ਹਰ ਸਮੇਂ ਕਿਸੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਨੇ ਕਿਹਾ ਕਿ ਕੰਮ ਪਹਿਲਾ ਹੀ ਮਨਜ਼ੂਰ ਹੋਇਆ ਪਿਆ ਸੀ। ਠੇਕੇਦਾਰ ਨੇ ਦੇਰੀ ਨਾਲ ਕੰਮ ਸ਼ੁਰੂ ਕੀਤਾ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲਦ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।