ਗੁਰਵਿੰਦਰ ਸਿੰਘ ਚਹਿਲ, ਹੀਰੋਂ ਖੁਰਦ : ਪਿੰਡ ਗੁੜੱਦੀ ਤੋਂ ਦੋਦੜਾ ਨੂੰ ਜਾਣ ਵਾਲੀ ਸੜਕ ‘ਤੇ ਗੈਸ ਏਜੰਸੀ ਦੀ ਗੱਡੀ ਅਤੇ ਸਕੂਟੀ ਦਰਮਿਆਨ ਹੋਏ ਹਾਦਸੇ ਵਿਚ ਪਿੰਡ ਗੁੜੱਦੀ ਦੇ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਗੰਭੀਰ ਜ਼ਖ਼ਮੀ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਦਰ ਭੀਖੀ ਦੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਪ੍ਰਤੀ ਪ੍ਰਦੀਪ ਖਾਂ ਪੁੱਤਰ ਸੁਖਰਾਮ ਖ਼ਾਨ ਤੇ ਕ੍ਰਿਸ਼ਨ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗੜੱਦੀ (ਦੋਵਾਂ ਦੀ ਉਮਰ ਤਕਰੀਬਨ 20-21 ਸਾਲ) ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਜਦਕਿ ਕੁਲਵਿੰਦਰ ਸਿੰਘ ਪੁੱਤਰ ਮੋਮਨ ਸਿੰਘ ਵਾਸੀ ਲੇਹਲ ਕਲਾਂ ਗੰਭੀਰ ਜ਼ਖ਼ਮੀ ਹੈ,ਜਿਸ ਨੂੰ ਆਦੇਸ਼ ਹਸਪਤਾਲ ਭੁੱਚੋ ਵਿਖੇ ਦਾਖ਼ਲ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਪਿੰਡ ਗੁੜੱਦੀ ਵਲੋਂ ਦੋਦੜਾ ਨੂੰ ਜਾ ਰਹੇ ਸੀ ਜਦਕਿ ਬਲੈਰੋ ਕੈਂਟਰ ਗੁੜੱਦੀ ਵੱਲ ਨੂੰ ਆ ਰਿਹਾ ਸੀ।
ਸਾਈਡ ਦੇਣ ਸਮੇਂ ਫੇਟ ਵੱਜਣ ਕਾਰਨ ਇਹ ਹਾਦਸਾ ਵਾਪਰਿਆ ਹੈ।ਉਨ੍ਹਾਂ ਦੱਸਿਆ ਕਿ ਬਲੈਰੋ ਕੈਂਟਰ ਦੇ ਡਰਾਈਵਰ ਖ਼ਿਲਾਫ਼ ਬਣਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ ਗੁਆਂਢੀ ਵੀ ਸਨ ਤੇ ਆਪਸ ਵਿਚ ਪੱਕੇ ਦੋਸਤ ਸਨ।ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਦੇਖ ਕੇ ਪਿੰਡ ਦੇ ਰਾਮਾ ਸਿੰਘ ਉਮਰ (50 ਸਾਲ) ਦੀ ਮੌਤ ਹੋ ਗਈ ਹੈ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਘਟਨਾ ਦੇਖਣ ਤੋਂ ਬਾਅਦ ਘਰ ਆ ਕੇ ਪੈ ਗਿਆ ਤੇ ਜਦੋਂ ਪਰਿਵਾਰ ਨੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।ਨਵੇਂ ਵਰ੍ਹੇ ਦੇ ਦੂਜੇ ਦਿਨ ਇਕੋ ਸਮੇਂ ਤਿੰਨ ਮੌਤਾਂ ਹੋ ਜਾਣ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ।