ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਫਿਰ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਦੇਸ਼ ਵਿੱਚ ਰੋਜ਼ਾਨਾ ਦੀਆਂ ਕੋਵਿਡ ਮੌਤਾਂ ਦੀ ਗਿਣਤੀ ਛੇ ਮਹੀਨਿਆਂ ਵਿੱਚ ਪਹਿਲੀ ਵਾਰ 200 ਨੂੰ ਪਾਰ ਕਰ ਗਈ ਹੈ। ਯੂਕੇ ਵਿੱਚ 1 ਸਤੰਬਰ ਨੂੰ ਜਾਰੀ ਕੋਰੋਨਾ ਅੰਕੜਿਆਂ ਅਨੁਸਾਰ 24 ਘੰਟਿਆਂ ਵਿੱਚ 200 ਤੋਂ ਵੱਧ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ ਜੋ ਕਿ ਛੇ ਮਹੀਨਿਆਂ ਵਿੱਚ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ ਹੈ। ਇਹਨਾਂ ਸਰਕਾਰੀ ਅੰਕੜਿਆਂ ਅਨੁਸਾਰ 1 ਸਤੰਬਰ ਨੂੰ 207 ਕੋਰੋਨਾ ਮੌਤਾਂ ਦਰਜ ਕੀਤੀਆਂ ਗਈਆਂ। ਸਰਕਾਰ ਅਨੁਸਾਰ ਇਹ 9 ਮਾਰਚ ਤੋਂ ਬਾਅਦ ਦੀ ਸਭ ਤੋਂ ਵੱਡੀ ਮੌਤਾਂ ਦੀ ਗਿਣਤੀ ਹੈ, ਜਦੋਂ ਵਾਇਰਸ ਨਾਲ 231 ਲੋਕਾਂ ਦੀ ਮੌਤ ਦਰਜ ਹੋਈ ਸੀ। ਇਹਨਾਂ ਮੌਤਾਂ ਦੇ ਇਲਾਵਾ 1 ਸਤੰਬਰ ਨੂੰ ਕੋਵਿਡ ਦੇ ਤਕਰੀਬਨ 35,693 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ।
ਇਹ ਅੰਕੜੇ ਮੰਗਲਵਾਰ ਨੂੰ ਘੋਸ਼ਿਤ 32,181 ਲਾਗਾਂ ਅਤੇ 50 ਮੌਤਾਂ ਨੂੰ ਪਾਰ ਕਰ ਗਏ। ਇਸੇ ਦੌਰਾਨ ਹੋਰ 38,596 ਲੋਕਾਂ ਨੂੰ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਮਿਲੀ, ਜਿਸ ਨਾਲ ਕੁੱਲ 48 ਮਿਲੀਅਨ (ਆਬਾਦੀ ਦਾ 88.5%) ਲੋਕਾਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਅਤੇ ਲਗਭਗ 42,908,022 ਲੋਕਾਂ ਨੇ ਦੂਜੀ ਖੁਰਾਕ ਪ੍ਰਾਪਤ ਕੀਤੀ। ਇਸ ਅਨੁਸਾਰ ਯੂਕੇ ਵਿੱਚ 42.9 ਮਿਲੀਅਨ ਲੋਕ ਹੁਣ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ (ਬਾਲਗ ਆਬਾਦੀ ਦਾ 78.9%) ਕਰਵਾ ਚੁੱਕੇ ਹਨ। ਭਾਵੇਂ ਕਿ ਯੂਕੇ ਵਿੱਚ ਕੋਰੋਨਾ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ, ਪਰ ਵਾਇਰਸ ਅਜੇ ਖਤਮ ਨਹੀਂ ਹੋਇਆ ਹੈ। ਇਸ ਲਈ ਲੋਕਾਂ ਨੂੰ ਵਾਇਰਸ ਦੀ ਵਧ ਰਹੀ ਲਾਗ ਨੂੰ ਰੋਕਣ ਲਈ ਸਾਵਧਾਨੀ ਵਰਤਣੀ ਬਹੁਤ ਜਰੂਰੀ ਹੈ।