ਮਹਿੰਗੇ ਕਿਰਾਏ ਤੋਂ ਸਨਅਤਕਾਰ ਪਰੇਸ਼ਾਨ
ਲੁਧਿਆਣਾ, ਮੀਡੀਆ ਬਿਊਰੋ:
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕਾਂਗਰਸ ਸਰਕਾਰ ਦੇ ਚੋਣ ਜ਼ਾਬਤੇ ਤੋਂ ਬਾਅਦ ਟਰਾਂਸਪੋਰਟ ਯੂਨੀਅਨ ਨੂੰ ਦਿੱਤੀ ਮਾਨਤਾ ਦਾ ਅਸਰ ਪੰਜਾਬ ਦੀਆਂ ਸਨਅਤਾਂ ‘ਤੇ ਦਿਖਾਈ ਦੇਣ ਲੱਗਾ ਹੈ। ਟਰਾਂਸਪੋਰਟਰ ਹੁਣ ਯੂਨੀਅਨਾਂ ਬਣਾ ਕੇ ਭਾਅ ਤੈਅ ਕਰ ਰਹੇ ਹਨ। ਇਸ ਕਾਰਨ ਇੰਡਸਟਰੀ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕੰਪਨੀਆਂ ਨੂੰ ਆਪਣੇ ਵਾਹਨ ਨਾ ਚਲਾਉਣ ਦੀ ਗੱਲ ਕਹੀ ਜਾ ਰਹੀ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਇੰਝ ਅਸੀਂ ਕਾਰੋਬਾਰ ਕਿਵੇਂ ਕਰ ਸਕਾਂਗੇ, ਕਿਉਂਕਿ ਲੌਜਿਸਟਿਕਸ ਸਾਡੇ ਕੰਮ ਦਾ ਮੁੱਖ ਹਿੱਸਾ ਹੈ। ਬੰਦਰਗਾਹ ਤੋਂ ਦੂਰੀ ਕਾਰਨ, ਕੱਚੇ ਮਾਲ ਨੂੰ ਲਿਆਉਣ ਤੋਂ ਲੈ ਕੇ ਤਿਆਰ ਮਾਲ ਭੇਜਣ ਤਕ ਆਵਾਜਾਈ ਮਹੱਤਵਪੂਰਨ ਹੈ। ਕੁਝ ਦਿਨਾਂ ‘ਚ ਹੀ ਕੀਮਤਾਂ ‘ਚ 25 ਤੋਂ 30 ਫੀਸਦੀ ਦਾ ਫਰਕ ਆ ਗਿਆ ਹੈ। ਇਸ ਦਾ ਅਸਰ ਆਉਣ ਵਾਲੇ ਦਿਨਾਂ ‘ਚ ਉਤਪਾਦਾਂ ਦੀਆਂ ਕੀਮਤਾਂ ‘ਤੇ ਦੇਖਣ ਨੂੰ ਮਿਲੇਗਾ।
ਸਭ ਤੋਂ ਵੱਧ ਨੁਕਸਾਨ ਬਰਾਮਦਕਾਰਾਂ ਨੂੰ ਝੱਲਣਾ ਪਵੇਗਾ ਕਿਉਂਕਿ ਬਰਾਮਦ ਲਈ ਕੱਚੇ ਮਾਲ ਨੂੰ ਦੂਜੇ ਸੂਬਿਆਂ ਤੋਂ ਵਿਦੇਸ਼ੀ ਗਾਹਕਾਂ ਤਕ ਪਹੁੰਚਾਉਣ ‘ਚ ਆਵਾਜਾਈ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪਹਿਲਾਂ ਹੀ ਕੰਟੇਨਰਾਂ ਦੀ ਘੱਟ ਉਪਲਬਧਤਾ ਕਾਰਨ ਘਾਟਾ ਪੈ ਰਿਹਾ ਹੈ ਜਦਕਿ ਹੁਣ ਸੂਬੇ ‘ਚ ਯੂਨੀਅਨ ਬਣਨ ਨਾਲ ਟਰਾਂਸਪੋਰਟਰਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਨਾਲ ਉਦਯੋਗ ਲਈ ਇਨਪੁਟ ਲਾਗਤ ਦੀ ਮਹਿੰਗਾਈ ਨਾਲ ਸਿੱਝਣਾ ਮੁਸ਼ਕਲ ਹੋ ਜਾਵੇਗਾ।
ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨਜ਼ (ਫੀਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਅਨੁਸਾਰ ਟਰਾਂਸਪੋਰਟ ਯੂਨੀਅਨਾਂ ਦਾ ਗਠਨ ਉਦਯੋਗ ਦੇ ਹਿੱਤ ‘ਚ ਨਹੀਂ ਹੈ ਕਿਉਂਕਿ ਇਸ ਨਾਲ ਕੀਮਤਾਂ ਨੂੰ ਲੈ ਕੇ ਸਨਅਤਕਾਰਾਂ ਤੇ ਟਰਾਂਸਪੋਰਟਰਾਂ ਦੇ ਰਿਸ਼ਤੇ ਵਿਗੜ ਜਾਣਗੇ। ਯੂਨੀਅਨ ਦੇ ਖ਼ਤਮ ਹੋਣ ਤੋਂ ਬਾਅਦ ਇੰਡਸਟਰੀ ਨੇ ਸੁੱਖ ਦਾ ਸਾਹ ਲਿਆ ਸੀ ਤੇ ਪੰਜਾਬ ਅਤੇ ਇਸ ਤੋਂ ਬਾਹਰੀ ਟਰੱਕ ਵਾਜਬ ਰੇਟਾਂ ‘ਤੇ ਕੀਤਾ ਜਾਂਦਾ ਸੀ। ਇਸ ਨਾਲ ਹੁਣ ਪੰਜਾਬ ਦੇ ਨਾਲ-ਨਾਲ ਦੂਸਰੇ ਸੂਬਿਆਂ ਤੋਂ ਵੀ ਮਹਿੰਗੇ ਕਿਰਾਏ ‘ਤੇ ਕੰਮ ਕਰਨਾ ਪਵੇਗਾ।
ਆਲ ਇੰਡਸਟਰੀ ਐਂਡ ਟਰੇਡ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਟਰਾਂਸਪੋਰਟਰਾਂ ਵੱਲੋਂ ਕੀਮਤਾਂ ‘ਚ ਵਾਧਾ ਮਨਮਾਨੇ ਢੰਗ ਨਾਲ ਸ਼ੁਰੂ ਕੀਤਾ ਗਿਆ ਹੈ। ਕਈ ਟਰਾਂਸਪੋਰਟਰ ਤਾਂ 20 ਤੋਂ 30 ਫੀਸਦੀ ਤਕ ਭਾਅ ਵਧਾ ਰਹੇ ਹਨ ਜੋ ਕਿ ਪੰਜਾਬ ਦੇ ਉਦਯੋਗਾਂ ਲਈ ਬਹੁਤ ਖਤਰਨਾਕ ਹੈ, ਕਿਉਂਕਿ ਪੰਜਾਬ ਦੀ ਇੰਡਸਟਰੀ ਟਰਾਂਸਪੋਰਟ ‘ਤੇ ਆਧਾਰਿਤ ਹੈ। ਇਸ ਨਾਲ ਕੀਮਤਾਂ ਵਧਣਗੀਆਂ, ਜਿਸ ਦਾ ਅਸਰ ਆਮ ਆਦਮੀ ਦੀ ਜੇਬ ‘ਤੇ ਵੀ ਪਵੇਗਾ।