ਚੰਡੀਗੜ੍ਹ (ਮੀਡੀਆ ਬਿਊਰੋ)– ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਤੇ ਕਾਰਵਾਈ ਕਰਦਿਆਂ ਅੱਜ ਖਰੀਦ ਪ੍ਰਕਿਰਿਆ ਦੀ ਉੱਚ ਪੱਧਰੀ ਸਮੀਖਿਆ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਵਧੀਕ ਮੁੱਖ ਸਕੱਤਰ ਵਿਕਾਸ ਸ਼੍ਰੀ ਡੀ.ਕੇ. ਤਿਵਾੜੀ ਨੇ ਕੀਤੀ। ਸੂਬੇ ਵਿੱਚ ਝੋਨੇ ਦੀ ਜ਼ਿਲ੍ਹਾ-ਵਾਰ ਆਮਦ ਦਾ ਜਾਇਜ਼ਾ ਲੈਂਦਿਆਂ ਸ਼੍ਰੀ ਤਿਵਾੜੀ ਨੇ ਖਰੀਦ ਏਜੰਸੀਆਂ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਬਾਕਾਇਦਾ ਤੌਰਤੇ ਜ਼ਿਲ੍ਹਿਆਂ ਦਾ ਦੌਰਾ ਕਰਨ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਦੇ ਆਦੇਸ਼ ਦਿੱਤੇ। ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਖਰੀਦ ਦੀ ਰਫ਼ਤਾਰ ਬਾਰੇ ਆਪਣਾ ਫੀਡਬੈਕ ਸਾਂਝਾ ਕਰਦਿਆਂ ਕਿਹਾ ਕਿ ਫ਼ਸਲ ਦੀ ਆਮਦ ਵਧ ਰਹੀ ਹੈ ਅਤੇ ਖਰੀਦ ਵੀ ਤੇਜ਼ੀ ਨਾਲ ਚੱਲ ਰਹੀ ਹੈ। ਹੁਣ ਤੱਕ ਜ਼ਿਲ੍ਹਿਆਂ ਵਿੱਚ ਸਿਰਫ 4 ਫੀਸਦ ਝੋਨੇ ਦੀ ਆਮਦ ਹੋਈ ਹੈ ਅਤੇ ਘੱਟੋ ਘੱਟ ਸਮਰਥਨ ਮੁੱਲ ਦੇ 240 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ।
ਇਸੇ ਹੀ ਤਰ੍ਹਾਂ ਦੀ ਫੀਡਬੈਕ ਹੋਰ ਐਮਡੀਜ਼ ਤੋਂ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਖਰਾਬ ਮੌਸਮ ਕਰਕੇ ਝੋਨੇ ਦੀ ਫਸਲ ਦੀ ਵਾਢੀ ਵਿੱਚ ਦੇਰੀ ਹੋਈ ਅਤੇ ਹੁਣ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਸਮ ਸਾਫ਼ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਵਾਢੀ ਦਾ ਅਮਲ ਤੇਜ਼ ਹੋਵੇਗਾ। ਵਧੀਕ ਮੁੱਖ ਸਕੱਤਰ ਵਿਕਾਸ ਨੇ ਖਰੀਦ ਏਜੰਸੀਆਂ ਨੂੰ ਚੌਲਾਂ ਦੇ ਸ਼ੈਲਰਾਂ ਦੀ ਅਲਾਟਮੈਂਟ ਪ੍ਰਕਿਰਿਆ ਅਤੇ ਉਨ੍ਹਾਂ ਨੂੰ ਵੱਖ -ਵੱਖ ਮੰਡੀਆਂ ਨਾਲ ਜੋੜਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮਿਲਿੰਗ ਸਮਰੱਥਾ ਦੀ ਤੁਲਨਾ ਵਿੱਚ ਪਹਿਲਾਂ ਹੀ ਜ਼ਿਆਦਾ ਮਾਤਰਾ ਵਿੱਚ ਪੁਰਾਣਾ ਝੋਨਾ ਪਿਆ ਹੈ, ਨੂੰ ਰਿਲੀਜ਼ ਆਰਡਰ ਜਾਰੀ ਕੀਤੇ ਜਾ ਸਕਦੇ ਹਨ। ਸੂਬੇ ਭਰ ਦੇ ਸਾਰੇ ਵੱਖ-ਵੱਖ ਨਾਕਿਆਂ ਦੇ ਇੰਚਾਰਜ ਏਡੀਜੀਪੀ ਸ੍ਰੀਮਤੀ ਨੀਰਜਾ ਨੇ ਕਿਹਾ ਕਿ ਸੂਬੇ ਦੇ ਬਾਹਰੋਂ ਝੋਨੇ ਦੀ ਆਮਦ ਨੂੰ ਰੋਕਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨੀਰਜਾ ਵੋਵੋਰੁਵੂ, ਏਡੀਜੀਪੀ ਵੈਲਫੇਅਰ, ਗੁਰਕਿਰਤ ਕ੍ਰਿਪਾਲ ਸਿੰਘ, ਸਕੱਤਰ ਖੁਰਾਕ ਅਤੇ ਸਿਵਲ ਸਪਲਾਈ, ਆਰ.ਕੇ. ਕੌਸ਼ਿਕ, ਐਮਡੀ ਪਨਸਪ, ਵਰੁਣ ਰੂਜ਼ਮ, ਐਮਡੀ ਮਾਰਕਫੈਡ, ਅਰਸ਼ਦੀਪ ਸਿੰਘ ਥਿੰਦ, ਜੀਐਮ ਐਫਸੀਆਈ, ਰਵੀ ਭਗਤ, ਸਕੱਤਰ,ਮੰਡੀ ਬੋਰਡ, ਅਭਿਨਵ ਤ੍ਰਿਖਾ, ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਅਤੇ ਯਸ਼ਨਜੀਤ ਸਿੰਘ, ਐਮਡੀ ਪੀਐਸਡਬਲਯੂਸੀ ਮੌਜੂਦ ਸਨ।