ਬਠਿੰਡਾ, ਮੀਡੀਆ ਬਿਊਰੋ:
ਗਰਮੀਆਂ ਸ਼ੁਰੂ ਹੋ ਗਈਆਂ ਹਨ ਤੇ ਤਾਪਮਾਨ ਹਰ ਦਿਨ ਵੱਧ ਰਿਹਾ ਹੈ। ਇਸ ਦੇ ਨਾਲ ਹੀ ਪਾਣੀ ਦੀ ਮੰਗ ਵੀ ਵਧਣ ਲੱਗੀ ਹੈ। ਅਜਿਹੇ ‘ਚ ਬਠਿੰਡਾ ਸ਼ਹਿਰ ਦੀ ਤਿੰਨ ਲੱਖ ਆਬਾਦੀ ਨੂੰ ਅਗਲੇ ਦੋ ਹਫ਼ਤਿਆਂ ਯਾਨੀ 15 ਅਪ੍ਰੈਲ ਤਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ। ਇਸ ਕਾਰਨ ਨਹਿਰੀ ਵਿਭਾਗ ਨੇ ਬਿਨਾਂ ਕੋਈ ਸੂਚਨਾ ਦਿੱਤੇ ਹੀ ਨਹਿਰਬੰਦੀ ਕਰ ਦਿੱਤੀ ਹੈ, ਜਿਸ ਦੇ 13 ਅਪ੍ਰੈਲ ਤਕ ਰਹਿਣ ਦੀ ਸੰਭਾਵਨਾ ਹੈ। ਅਜਿਹੇ ‘ਚ ਜੇਕਰ 13 ਅਪ੍ਰੈਲ ਨੂੰ ਨਹਿਰ ‘ਚ ਪਾਣੀ ਛੱਡਿਆ ਜਾਂਦਾ ਹੈ ਤਾਂ 15 ਅਪ੍ਰੈਲ ਤਕ ਬਠਿੰਡਾ ਨਹਿਰ ‘ਚ ਪਾਣੀ ਪਹੁੰਚ ਜਾਵੇਗਾ। ਇਸ ਕਾਰਨ ਜਲ ਸਪਲਾਈ ਵਿਭਾਗ ਨੇ ਇਸ ਵੇਲੇ ਸ਼ਹਿਰ ‘ਚ ਰੋਜ਼ਾਨਾ ਪਾਣੀ ਦੀ ਸਪਲਾਈ ‘ਚ 30 ਫੀਸਦੀ ਕਟੌਤੀ ਕਰ ਦਿੱਤੀ ਹੈ। ਆਉਣ ਵਾਲੇ ਦੋ ਦਿਨਾਂ ‘ਚ ਇਹ ਕਟੌਤੀ 50 ਫੀਸਦੀ ਤੱਕ ਕਰ ਦਿੱਤੀ ਜਾਵੇਗੀ।
ਇਸ ਤੋਂ ਬਾਅਦ ਪਾਣੀ ਦੀ ਸਪਲਾਈ ਦਿਨ ਵੇਲੇ ਇਕ ਵਾਰ ਹੀ ਮਿਲੇਗੀ। ਇਸ ਦਾ ਮੁੱਖ ਕਾਰਨ ਨਹਿਰੀ ਵਿਭਾਗ ਵੱਲੋਂ 30 ਮਾਰਚ ਤੋਂ ਕੀਤੀ ਗਈ ਨਹਿਰਬੰਦੀ ਹੈ। ਦੂਜੇ ਪਾਸੇ ਨਹਿਰੀ ਵਿਭਾਗ ਦਾ ਤਰਕ ਹੈ ਕਿ 28 ਮਾਰਚ ਦੀ ਰਾਤ ਨੂੰ ਬਠਿੰਡਾ ਦੇ ਪਿੰਡ ਪੂਹਲਾ ਨੇੜੇ ਸਰਹਿੰਦ ਨਹਿਰ ਟੁੱਟ ਗਈ ਸੀ, ਜਿਸ ਕਾਰਨ ਟੁੱਟੀ ਨਹਿਰ ਦੀ ਮੁਰੰਮਤ ਲਈ ਨਹਿਰ ਦਾ ਪਾਣੀ ਬੰਦ ਕਰ ਦਿੱਤਾ ਗਿਆ ਸੀ। ਇਸ ਸਥਿਤੀ ਵਿੱਚ ਮੁਰੰਮਤ ਵਿੱਚ ਇੱਕ ਹਫ਼ਤਾ ਲੱਗ ਜਾਵੇਗਾ।
12 ਅਪ੍ਰੈਲ ਤੱਕ ਖੁੱਲ੍ਹ ਸਕਦੀ ਹੈ ਨਹਿਰ
29 ਮਾਰਚ ਤੋਂ ਚੱਲ ਰਹੀ ਨਹਿਰਬੰਦੀ 12 ਅਪਰੈਲ ਤਕ ਖੁੱਲ੍ਹਣ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ 15 ਅਪ੍ਰੈਲ ਤਕ ਪਾਣੀ ਦੀ ਸਪਲਾਈ ਬਹਾਲ ਹੋਣ ਦੀ ਸੰਭਾਵਨਾ ਹੈ। ਗਰਮੀਆਂ ‘ਚ ਪਾਣੀ ਦਾ ਸੰਕਟ ਡੂੰਘਾ ਨਾ ਹੋਵੇ, ਇਸ ਲਈ ਜਲ ਸਪਲਾਈ ਵਿਭਾਗ ਵੱਲੋਂ ਪਾਣੀ ਦੀ ਸਟੋਰੇਜ ਦੇ ਹਿਸਾਬ ਨਾਲ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਵਿਭਾਗ ਨੇ ਸ਼ਹਿਰ ਵਾਸੀਆਂ ਨੂੰ ਅਗਲੇ 15 ਦਿਨਾਂ ਤਕ ਪਾਣੀ ਦੀ ਸੁਚੱਜੀ ਵਰਤੋਂ ਕਰਨ ਦੀ ਅਪੀਲ ਕੀਤੀ। ਵਾਟਰ ਵਰਕਸ ਵਿਭਾਗ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰੇ ਜਾਂ ਸ਼ਾਮ ਨੂੰ ਪਾਣੀ ਦੀ ਸਪਲਾਈ ਦਾ ਸ਼ਡਿਊਲ ਬਣਾ ਦਿੱਤਾ ਹੈ।