ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਵਿੱਚ ਸਥਾਨਕ ਅਧਿਕਾਰੀਆਂ ਦੁਆਰਾ ਚਲਾਈਆਂ ਜਾ ਰਹੀਆਂ ਕਿਰਾਏ ਵਾਲੇ ਈ-ਸਕੂਟਰਾਂ ਦੇ ਟਰਾਇਲ ਨੂੰ ਕਾਨੂੰਨੀ ਤੌਰ ‘ਤੇ ਸਰਕਾਰ ਦੁਆਰਾ ਐਲਾਨ ਕੀਤੇ ਜਾਣ ਤੋਂ ਬਾਅਦ, ਈ-ਸਕੂਟਰ ਦੀ ਯੋਜਨਾਬੱਧ ਰੈਂਟਲ ਸਕੀਮ ਸੋਮਵਾਰ ਨੂੰ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤੀ ਤੌਰ ‘ਤੇ ਇਹਨਾਂ ਦਾ ਟਰਾਇਲ ਕੈਨਰੀ ਵ੍ਹਰਫ, ਈਲਿੰਗ, ਹੈਮਰਸਮਿਥ ਅਤੇ ਫੁਲਹੈਮ, ਕੇਨਸਿੰਗਟਨ ਅਤੇ ਚੇਲਸੀਆ ਦੇ ਨਾਲ ਰਿਚਮੰਡ ਆਦਿ ਵਿੱਚ ਕੀਤਾ ਗਿਆ ਹੈ।
ਇਹਨਾਂ ਈ-ਸਕੂਟਰਾਂ ਦੇ ਕਿਰਾਏ ਦੀ ਕੀਮਤ 15 ਮਿੰਟ ਦੀ ਸਵਾਰੀ ਲਈ 3.25 ਪੌਂਡ ਅਤੇ 3.40 ਪੌਂਡ ਦੇ ਵਿਚਕਾਰ ਹੋਵੇਗੀ ਅਤੇ ਇਹਨਾਂ ਨੂੰ ਸਿਰਫ ਸੜਕਾਂ ‘ਤੇ ਹੀ ਚਲਾਉਣ ਦੀ ਇਜਾਜ਼ਤ ਹੈ, ਫੁੱਟਪਾਥ ਉੱਪਰ ਇਹਨਾਂ ਨੂੰ ਚਲਾਉਣ ਦੀ ਮਨਾਹੀ ਹੈ। ਹਰੇਕ ਓਪਰੇਟਰ ਇਸ ਨੂੰ ਅਨਲੌਕ ਕਰਨ ਲਈ ਵੀ ਇੱਕ ਫੀਸ ਵਸੂਲ ਕਰੇਗਾ। ਈ ਸਕੂਟਰਾਂ ਦੇ ਟਰਾਇਲ ਲਈ ਡਾਟ, ਲਾਈਮ ਅਤੇ ਟੀ ਆਈ ਈ ਆਰ ਉਪਰੇਟਰਾਂ ਨੂੰ ਚੁਣਿਆ ਗਿਆ ਹੈ। ਇਹਨਾਂ ਦਾ ਟਰਾਇਲ 12 ਮਹੀਨਿਆਂ ਤੱਕ ਚੱਲੇਗਾ ਜਿਸ ਵਿੱਚ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ। ਇਹ ਕਿਰਾਏ ਦੇ ਈ-ਸਕੂਟਰ ਪ੍ਰਾਈਵੇਟ ਈ-ਸਕੂਟਰਾਂ ਦੇ ਮੁਕਾਬਲੇ ਬਹੁਤ ਸਾਰੇ ਲਾਭ ਦਿੰਦੇ ਹਨ, ਜੋ ਉਨ੍ਹਾਂ ਨੂੰ ਲੰਡਨ ਦੀਆਂ ਸੜਕਾਂ, ਜੀ ਪੀ ਐਸ-ਨਿਯੰਤਰਿਤ ਪਾਰਕਿੰਗ ਅਤੇ ਨੋ-ਗੋ ਜ਼ੋਨਾਂ ਲਈ ਵਧੇਰੇ ਢੁੱਕਵੇਂ ਬਣਾਉਂਦੇ ਹਨ।
ਇਹਨਾਂ ਨੂੰ ਸਿਰਫ ਨਿਰਧਾਰਤ ਸਥਾਨਾਂ ‘ਤੇ ਹੀ ਪਾਰਕ ਕੀਤਾ ਜਾ ਸਕਦਾ ਹੈ ਤਾਂ ਕਿ ਫੁੱਟਪਾਥ ਵਿੱਚ ਰੁਕਾਵਟ ਨਾ ਪਵੇ ਅਤੇ ਇਹਨਾਂ ਨੂੰ ਸੁਰੰਗਾਂ ਆਦਿ ਵਿੱਚ ਨਹੀਂ ਲਿਜਾਇਆ ਜਾ ਸਕਦਾ। ਹਰ ਈ ਸਕੂਟਰ ਦਾ ਆਪਣਾ ਇੱਕ ਵਿਲੱਖਣ ਪਛਾਣ ਨੰਬਰ ਵੀ ਹੋਵੇਗਾ। ਇਸ ਤੋਂ ਇਲਾਵਾ, ਵਾਹਨਾਂ ਦੇ ਅਗਲੇ ਪਾਸੇ ਤੇ ਪਿਛਲੇ ਪਾਸੇ ਲਾਈਟ ਹਮੇਸ਼ਾ ਚਾਲੂ ਰਹੇਗੀ ਅਤੇ ਸਕੂਟਰਾਂ ਦੇ 12 ਇੰਚ ਵਿਆਸ ਵਾਲੇ ਵੱਡੇ ਪਹੀਏ ਹੋਣਗੇ। ਸਵਾਰੀਆਂ ਨੂੰ ਵੀ ਪਹਿਲੀ ਵਾਰ ਈ-ਸਕੂਟਰ ਕਿਰਾਏ ‘ਤੇ ਲੈਣ ਤੋਂ ਪਹਿਲਾਂ ਇੱਕ ਈ-ਲਰਨਿੰਗ ਸੁਰੱਖਿਆ ਕੋਰਸ ਲੈਣਾ ਜਰੂਰੀ ਹੈ। ਉਪਰੇਟਰਾਂ ਦੁਆਰਾ ਇਸਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਨਿਯਮਤ ਤੌਰ ‘ਤੇ ਨਿਗਰਾਨੀ ਅਤੇ ਸਮੀਖਿਆ ਕੀਤੀ ਵੀ ਜਾਵੇਗੀ।