ਖੰਨਾ (ਪਰਮਜੀਤ ਸਿੰਘ ਧੀਮਾਨ)- ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣੇ ਜਾਂਦੇ ਖੰਨਾ ਸ਼ਹਿਰ ਵਿਚ ਲੁਧਿਆਣਾ, ਬਠਿੰਡਾ, ਨਵਾਂ ਸ਼ਹਿਰ ਆਦਿ ਵਾਲੇ ਪਾਸਿਓ ਆਉਣ ਵਾਲੇ ਲੋਕਾਂ ਦਾ ਸਵਾਗਤ ਸਭ ਤੋਂ ਪਹਿਲਾ ਸ਼ਹਿਰ ਦੇ ਸਮਰਾਲਾ ਚੌਂਕ ਵਿਚ ਬਣੇ ਕੂੜੇ ਦੇ ਡੰਪ ਦੀ ਬਦਬੂ ਨਾਲ ਹੁੰਦਾ ਹੈ, ਜਿਸ ਕਾਰਨ ਸ਼ਹਿਰ ਵਾਸੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਜਿਸ ’ਤੇ ਕਾਰਵਾਈ ਕਰਦਿਆਂ ਅੱਜ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਪਾਠਕ ਨੇ ਇਸ ਥਾਂ ’ਤੇ ਬਣੇ ਕੂੜੇ ਦੇ ਡੰਪ ਨੂੰ ਖਤਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਅਤੇ ਅਧਿਕਾਰੀਆਂ ਨੂੰ ਸ਼ਹਿਰ ਸਾਫ਼ ਸੁਥਰਾ ਰੱਖਣ ਦੀ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ।
ਪਾਠਕ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕੌਂਸਲ ਵੱਲੋਂ ਜਰਨੈਲੀ ਸੜਕ ਦੇ ਕਿਨਾਰੇ ਬਣੇ ਕੂੜੇ ਦੇ ਡੰਪਾਂ ਤੋਂ ਜਲਦ ਮੁਕਤੀ ਦਿਵਾਈ ਜਾਵੇਗੀ। ਇਸ ਤੋਂ ਪਹਿਲਾ ਵੀ ਲਲਹੇੜੀ ਚੌਂਕ ਅਤੇ ਐਫ. ਸੀ. ਆਈ. ਗੁਦਾਮਾਂ ਕੋਲ ਬਣੇ ਕੂੜੇ ਦੇ ਡੰਪਾਂ ਨੂੰ ਹਟਾ ਕੇ ਬੂਟੇ ਲਾਏ ਗਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਕੌਂਸਲ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਉਭੀ, ਕੌਂਸਲਰ ਅਮਰੀਸ਼ ਕਾਲੀਆ, ਰਾਜੇਸ਼ ਵਾਲੀਆ, ਇੰਸਪੈਕਟਰ ਹਰਵਿੰਦਰ ਸਿੰਘ ਭੁੱਲਰ, ਮਹਿੰਦਰ ਸਿੰਘ, ਗੁਲਸ਼ਨ ਸਿੰਘ, ਨਵਰੀਤ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ।