ਪੰਜਾਬ ’ਚ ਅੱਤਵਾਦੀਆਂ ਤੋਂ ਆਰਡੀਐੱਕਸ, ਡੈਟੋਨੇਟਰ, 5 ਵਿਸਫੋਟਕ ਫਿਊਜ਼ ਤੇ ਏਕੇ 47 ਦੇ ਕਾਰਤੂਸ ਬਰਾਮਦ, ਧਾਰਮਿਕ ਸਥਾਨਾਂ ’ਤੇ ਧਮਾਕੇ ਕਰਨ ਦੀ ਵੀ ਸਾਜ਼ਿਸ਼

ਨਵਾਂਸ਼ਹਿਰ, ਮੀਡੀਆ ਬਿਊਰੋ:

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਆਈਐੱਸਵਾਈਐੱਫ ਅੱਤਵਾਦੀ ਟੋਲੇ ਦੇ ਗੁਰਗਿਆਂ ਵੱਲੋਂ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨਾਕਾਮ ਕਰਨ ਦਾ ਦਾਅਵਾ ਕਰਦੇ ਹੋਏ 2.500 ਕਿੱਲੋ ਗ੍ਰਾਮ ਆਰਡੀਐਕਸ, ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ਼ ਸਮੇਤ ਤਾਰਾਂ ਤੇ ਏਕੇ 47 ਰਾਈਫਲ ਦੇ 12 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਦੀ ਤਫਤੀਸ਼ ਮੁਤਾਬਕ ਇਹ ਧਮਾਕਾਖੇਜ਼ ਸਮੱਗਰੀ ਇਨ੍ਹਾਂ ਨੂੰ ਪਾਕਿਸਤਾਨ ਵਿਚ ਰਹਿੰਦੇ ਇੰਟਰਨੈਸ਼ਨਲ ਸਿੱਖ ਸਟੂਡੈਂਟਸ ਫੈਡਰੇਸ਼ਨ (ਆਈਐੱਸਵਾਈਐੱਫ) ਦੇ ਸਰਗਨਾ ਲਖਬੀਰ ਸਿੰਘ ਰੋਡੇ ਨੇ ਆਪਣੇ ਗੁਰਗੇ ਸੁਖਪ੍ਰੀਤ ਸਿੰਘ ਸੁੱਖ ਖਰਲ ਜੋ ਕਿ ਇਸ ਸਮੇਂ ਗਰੀਸ ਦੇਸ਼ ਵਿਚ ਰਹਿ ਰਿਹਾ ਹੈ, ਰਾਹੀਂ ਪਹੁੰਚਾਈ ਗਈ ਸੀ।

ਇਸ ਮਾਮਲੇ ਬਾਰੇ ਐੱਸਪੀ ਐੱਚ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀਆਈਏ ਸਟਾਫ਼, ਐੱਸਆਈ ਹਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਬੰਗਾ, ਐੱਸਆਈ ਜਰਨੈਲ ਸਿੰਘ, ਇੰਚਾਰਜ ਐਂਟੀ ਨਾਰਕੋਟਿਕ ਸੈੱਲ ਦੀ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ ਹੈ। ਕਾਬਿਲੇ ਜ਼ਿਕਰ ਹੈ ਕਿ ਜ਼ਿਲ੍ਹਾ ਪੁਲਿਸ ਨੇ ਬੀਤੇ ਦਿਨੀਂ ਅਸਲਾ ਐਕਟ ਤਹਿਤ ਥਾਣਾ ਸਿਟੀ ਨਵਾਂਸ਼ਹਿਰ ਵਿਚ ਦਰਜ ਕਰ ਕੇ ਆਈਐੱਸਵਾਈਐਫ ਗਿਰੋਹ ਦੇ 6 ਅਨਸਰਾਂ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਗੁਰਗਿਆਂ ਵੱਲੋਂ ਕੀਤੇ ਖ਼ੁਲਾਸਿਆਂ ਦੇ ਅਧਾਰ ’ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਇਸ ’ਤੇ ਪੁਲਿਸ ਪਾਰਟੀ ਨੇ ਇਨ੍ਹਾਂ ਵੱਲੋਂ ਲੁਕੋ ਕੇ ਰੱਖੀ ਹੋਈ ਧਮਾਕਾਖੇਜ਼ ਸਮਗੱਰੀ 2.500 ਕਿਲੋਗ੍ਰਾਮ ਆਰਡੀਐੱਸ, ਡੈਟੋਨੇਟਰ, ਕਮਾਂਡ ਤਾਰ, 5 ਵਿਸਫੋਟਕ ਫਿਊਜ਼ ਤੇ ਤਾਰਾਂ, ਏਕੇ 47 ਰਾਈਫਲ ਅਤੇ 12 ਕਾਰਤੂਸ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਵਿੱਚੋਂ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ ਇਨ੍ਹਾਂ ਗੁਰਗਿਆਂ ਦਾ ਮਕਸਦ ਸੂਬੇ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਨਾ ਸੀ।

Share This :

Leave a Reply