ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਆਏ ਕੱਚੇ ਅਧਿਆਪਕਾਂ ਤੇ ਪੁਲਿਸ ‘ਚ ਧੱਕਾਮੁੱਕੀ

ਚੰਡੀਗੜ੍ਹ (ਮੀਡੀਆ ਬਿਊਰੋ)ਪ੍ਰਾਈਮ ਫਾਰਮ ‘ਚ ਆਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕੱਚੇ ਅਧਿਆਪਕਾਂ ਨੇ ਜ਼ੋਰਦਾਰ ਵਿਰੋਧ ਕੀਤਾ। ਇਸ ਦੌਰਾਨ ਅਧਿਆਪਕਾਂ ਤੇ ਪੁਲਿਸ ਵਿਚਕਾਰ ਧੱਕਾਮੁੱਕੀ ਹੋਈ ਜਿਸ ਦੌਰਾਨ ਮਹਿਲਾ ਅਧਿਆਪਕਾਂ ਦੇ ਗੰਭੀਰ ਸੱਟਾਂ ਲੱਗੀਆਂ ਤੇ ਪੁਰਸ਼ ਅਧਿਆਪਕਾਂ ਦੀਆਂ ਪੱਗਾਂ ਵੀ ਲੱਥੀਆਂ। ਭਾਰੀ ਕਸ਼ਮਕਸ਼ ਉਪਰੰਤ ਕੱਚੇ ਅਧਿਆਪਕਾਂ ਨੇ ਬੁੱਘੀਪੁਰਾ ਚੌਕ ‘ਚ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸਿੱਧੂ ਦੇ ਓਐੱਸਡੀ ਸੁਮਿਤ ਨਾਲ ਕਰਵਾਈ।

ਸੁਮਿਤ ਨੇ ਮੌਕੇ ‘ਤੇ ਸਿੱਧੂ ਨਾਲ ਯੂਨੀਅਨ ਆਗੂ ਕੁਲਦੀਪ ਸਿੰਘ ਬੱਡੂਵਾਲ ਨਾਲ ਗੱਲ ਕਰਵਾ ਕੇ 10 ਜੁਲਾਈ ਨੂੰ ਚੰਡੀਗੜ੍ਹ ਮੀਟਿੰਗ ਦਾ ਸਮਾਂ ਦਿੱਤਾ। ਇਸ ਮੌਕੇ ਹਲਕਾ ਧਰਮਕੋਟ ਦੇ ਐੱਮਐੱਲਏ ਸੁਖਜੀਤ ਸਿੰਘ ਲੋਹਗੜ੍ਹ ਵੀ ਹਾਜ਼ਰ ਸਨ। ਇਸ ਮੌਕੇ ਅਧਿਆਪਕ ਆਗੂ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ 51 ਦਿਨਾਂ ਤੋਂ ਸਿੱਖਿਆ ਭਵਨ ਸਾਹਮਣੇ ਉਨ੍ਹਾਂ ਦਾ ਪੱਕਾ ਧਰਨਾ ਜਾਰੀ ਹੈ ਤੇ ਉਨ੍ਹਾਂ ਦੇ ਤਿੰਨ ਸਾਥੀ ਭਵਨ ਦੀ ਸੱਤਵੀਂ ਮੰਜ਼ਿਲ ਦੀ ਛੱਤ ਉੱਪਰ ਡਟੇ ਹੋਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਭਵਨ ਦੇ ਦੋਨੋਂ ਦਰਵਾਜ਼ੇ ਪੱਕੇ ਬੰਦ ਕੀਤੇ ਹੋਏ ਸਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕੀਤੇ ਕੀਤੇ ਵਾਅਦੇ ਨਾ ਪੁਗਾਏ ਤਾਂ ਸੂਬਾ ਪੱਧਰੀ ਮਹਾ ਰੈਲੀ ਕੀਤੀ ਜਾਵੇਗੀ।

Share This :

Leave a Reply