“ਸੋਨ ਤਮਗੇ ਦੇ ਐਨ ਨੇੜੇ“, ਰਾਣਾ ਸੋਢੀ ਵੱਲੋਂ ਉਲੰਪਿਕਸ ਦੇ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਲੰਪਿਕਸ ਦੇ ਸੈਮੀਫਾਈਨਲ ਵਿੱਚ ਪਹੁੰਚੀ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਸੀ ਸੋਨ ਤਮਗੇ ਦੇ ਐਨ ਨੇੜੇ ਪਹੁੰਚ ਗਏ ਹਾਂ। ਟੋਕੀਉ ਉਲੰਪਿਕਸ ਵਿੱਚ ਹਾਕੀ ਟੀਮ ਦੀ ਬਰਤਾਨੀਆ ਵਿਰੁੱਧ ਜਿੱਤ ਪਿੱਛੋਂ ਕੀਤੇ ਆਪਣੇ ਦੋ ਟਵੀਟਸ ਵਿੱਚ ਉਨਾਂ ਕਿਹਾ, “ਭਾਰਤੀ ਟੀਮ ਵੱਲੋਂ ਉਲੰਪਿਕਸ ਵਿੱਚ ਵਿਖਾਏ ਸ਼ਾਨਦਾਰ ਪ੍ਰਦਰਸਨ ਨਾਲ ਭਾਰਤੀ ਪੁਰਸ ਹਾਕੀ ਟੀਮ 1980 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਹੈ। ਅਸੀਂ ਉਲੰਪਿਕਸ ਸੋਨ ਤਮਗੇ ਦੇ ਨੇੜੇ ਪਹੁੰਚ ਚੁੱਕੇ ਹਾਂ। ਉਲੰਪਿਕਸ ਵਿੱਚ ਖੇਡ ਰਹੇ ਪੰਜਾਬ ਦੇ 11 ਖਿਡਾਰੀਆਂ ਦੀ ਪ੍ਰਾਪਤੀ ‘ਤੇ ਸਾਨੂੰ ਮਾਣ ਹੈ।“ ਇਸੇ ਤਰਾਂ ਦੂਜੇ ਟਵੀਟ ਵਿੱਚ ਰਾਣਾ ਸੋਢੀ ਨੇ ਕਿਹਾ, “ਉਲੰਪਿਕਸ ਦੀਆਂ ਚੋਟੀ ਦੀਆਂ 4 ਟੀਮਾਂ ਵਿੱਚ ਭਾਰਤੀ ਪੁਰਸ ਹਾਕੀ ਟੀਮ ਦਾ ਪਹੁੰਚਣਾ ਮਾਣ ਵਾਲੀ ਗੱਲ ਹੈ।“

ਉਨਾਂ ਕਿਹਾ ਕਿ ਅੱਜ ਦੇ ਮੈਚ ਵਿੱਚ ਵੀ ਤਿੰਨੇ ਗੋਲ ਪੰਜਾਬ ਦੇ ਖਿਡਾਰੀਆਂ ਨੇ ਕੀਤੇ ਅਤੇ ਇਨਾਂ ਤੋਂ ਅੱਗੇ ਵੀ ਸਾਨੂੰ ਬਹੁਤ ਉਮੀਦ ਹੈ। ਖੇਡ ਮੰਤਰੀ ਨੇ ਭਾਰਤੀ ਹਾਕੀ ਟੀਮ ਨੂੰ 3 ਅਗਸਤ ਨੂੰ ਬੈਲਜੀਅਮ ਵਿਰੁੱਧ ਹੋਣ ਵਾਲੇ ਮੈਚ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ ਉਮੀਦ ਜਤਾਈ ਕਿ ਬੈਲਜੀਅਮ ਨੂੰ ਪਹਿਲਾਂ ਵੀ ਹਰਾ ਚੁੱਕੀ ਭਾਰਤੀ ਹਾਕੀ ਟੀਮ ਜੇਤੂ ਹੋ ਕੇ ਉੱਭਰੇਗੀ। ਦੱਸ ਦੇਈਏ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਟੋਕੀਉ ਉਲੰਪਿਕ ਵਿੱਚ ਹਿੱਸਾ ਲੈ ਰਹੀ ਭਾਰਤੀ ਹਾਕੀ ਟੀਮ ਵੱਲੋਂ ਸੋਨ ਤਮਗ਼ਾ ਜਿੱਤਣ ‘ਤੇ ਪੰਜਾਬ ਦੇ ਹਰ ਖਿਡਾਰੀ ਨੂੰ ਵਿਅਕਤੀਗਤ ਤੌਰ ‘ਤੇ 2.25 ਕਰੋੜ ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਵਧਾਈ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਟੋਕੀਓ ਓਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕਰਦਿਆਂ ਗਰੇਟ ਬਿ੍ਰਟੇਨ ਖਿਲਾਫ 3-1 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਅਤੇ 41 ਵਰਿਆਂ ਬਾਅਦ ਓਲੰਪਿਕ ਦੀਆਂ ਸਿਖਰਲੀਆਂ ਚਾਰ ਟੀਮਾਂ ਵਿਚ ਥਾਂ ਬਣਾਈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਤਿੰਨ ਖਿਡਾਰੀਆਂ ਦਿਲਪ੍ਰੀਤ ਸਿੰਘ, ਗੁਰਜੰਟ ਅਤੇ ਹਾਰਦਿਕ ਸਿੰਘ ਵੱਲੋਂ ਵਿਰੋਧੀ ਟੀਮ ਖਿਲਾਫ ਤਿੰਨ ਗੋਲ ਦਾਗੇ ਗਏ। ਤਹਾਨੂੰ ਮੁਬਾਰਕ ਅਤੇ ਹੁਣ ਸੋਨ ਤਮਗੇ ਲਈ ਅੱਗੇ ਵਧੇ।” ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ  ਆਖਰੀ ਵਾਰ ਸਾਲ 1980 ਦੀਆਂ ਮਾਸਕੋ ਓਲਿੰਪਕ ਖੇਡਾਂ ਵਿਚ ਸਿਖਰਲੀਆਂ ਚਾਰਾਂ ਟੀਮਾਂ ਵਿਚ ਪਹੁੰਚੀ ਸੀ ਜਿੱਥੇ ਆਖਰ ਵਿਚ ਉਸ ਨੇ ਵੱਕਾਰੀ ਸੋਨ ਤਮਗਾ ਹਾਸਲ ਕੀਤਾ ਸੀ।

Share This :

Leave a Reply