ਚੰਡੀਗੜ੍ਹ (ਮੀਡੀਆ ਬਿਊਰੋ) : ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਾਈਖੋਮ ਮੀਰਾਬਾਈ ਚਾਨੂ ਨੂੰ ‘ਦੇਸ਼ ਦੀ ਸਾਨ‘ ਦੱਸਦਿਆਂ ਕਿਹਾ ਕਿ ਹਾਲੇ ਤਿੰਨ ਦਿਨ ਪਹਿਲਾਂ ਉਸ ਨੇ ਕਿਹਾ ਸੀ ਕਿ “ਮੈਨੂੰ ਟੋਕੀਓ ਵਿੱਚ ਤਮਗਾ ਜਿੱਤਣ ਦਾ ਪੂਰਾ ਭਰੋਸਾ ਹੈ।“ ਅੱਜ ਉਸ ਨੇ ਇਹ ਸਬਦ ਸੱਚ ਕਰ ਵਿਖਾਏ ਅਤੇ ਟੋਕੀਓ ਉਲੰਪਿਕ ਵਿੱਚ ਭਾਰਤ ਲਈ ਪਹਿਲਾ ਚਾਂਦੀ ਦਾ ਤਮਗਾ ਜਿੱਤ ਕੇ ਆਪਣਾ ਵਾਅਦਾ ਪੂਰਾ ਕੀਤਾ। ਰਾਣਾ ਸੋਢੀ ਨੇ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੂੰ 49 ਕਿੱਲੋ ਵਰਗ ਵਿੱਚ ਭਾਰਤ ਲਈ ਚਾਂਦੀ ਦਾ ਤਮਗਾ ਜਿੱਤਣ ਦੇ ਸਾਨਦਾਰ ਕਾਰਨਾਮੇ ਲਈ ਵਧਾਈ ਦਿੱਤੀ। ਉਨਾਂ ਟਵੀਟ ਕੀਤਾ ਕਿ “ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ ‘ਚ ਚਾਂਦੀ ਨਾਲ ਭਾਰਤ ਦੀ ਤਮਗਾ ਸੂਚੀ ਸ਼ੁਰੂ ਕਰਨ ਲਈ ਵਧਾਈਆਂ।“
ਖੇਡ ਮੰਤਰੀ ਨੇ ਪੰਜਾਬ ਨਾਲ ਸਬੰਧਤ ਉਸ ਦੇ ਸਹਾਇਕ ਕੋਚ ਸੰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ, ਜੋ ਜਲਿਾ ਜਲੰਧਰ ਦੇ ਪਿੰਡ ਬੜਾ ਦੇ ਰਹਿਣ ਵਾਲੇ ਹਨ। ਸੰਦੀਪ ਕੁਮਾਰ ਨੇ ਖੁਦ ਵੇਟਲਿਫਟਰ ਵਜੋਂ 1996 ਦੀਆਂ ਐਟਲਾਂਟਾ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ 1998 ਦੀਆਂ ਕੁਆਲਾਲੰਪੁਰ (ਮਲੇਸ਼ੀਆ) ਰਾਸ਼ਟਰਮੰਡਲ ਖੇਡਾਂ ਵਿੱਚ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਉਹ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਾਰਤੀ ਹਾਕੀ ਟੀਮ ਨੂੰ ਉਲੰਪਿਕ ਦੇ ਪਹਿਲੇ ਹਾਕੀ ਮੈਚ ਵਿੱਚ ਨਿਊਜੀਲੈਂਡ ਨੂੰ 3-2 ਨਾਲ ਹਰਾਉਣ ਲਈ ਵਧਾਈ ਦਿੱਤੀ। ਉਨਾਂ ਟਵੀਟ ਕੀਤਾ “ਟੋਕੀਓ 2020 ਵਿੱਚ ਸਾਨਦਾਰ ਪ੍ਰਦਰਸਨ ਲਈ ਟੀਮ ਇੰਡੀਆ ਨੂੰ ਵਧਾਈ। #ਮੈਨ ਇਨ ਬਲੂ ਨੇ ਓਪਨਰ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਮਾਤ ਦਿੱਤੀ।“ ਉਨਾਂ ਕਿਹਾ ਕਿ ਇਹ ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਤਿੰਨੇ ਸਕੋਰ ਪੰਜਾਬ ਦੇ ਖਿਡਾਰੀਆਂ ਹਰਮਨਪ੍ਰੀਤ ਸਿੰਘ ਅਤੇ ਰੁਪਿੰਦਰਪਾਲ ਸਿੰਘ ਨੇ ਕੀਤੇ। ਉਨਾਂ ਕਿਹਾ ਕਿ ਪੰਜਾਬ ਨੂੰ ਤੁਹਾਡੇ ’ਤੇ ਮਾਣ ਹੈ।