ਚੰਡੀਗੜ੍ਹ (ਮੀਡੀਆ ਬਿਊਰੋ) ਸੂਬੇ ਵਿੱਚ ਸਿੰਚਾਈ ਲਈ ਧਰਤੀ ਹੇਠ ਪਾਈਪ ਲਾਈਨ ਵਿਛਾਉਣ ਵਾਸਤੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਮੱਦੇਨਜ਼ਰ ਬਾਗਬਾਨੀ, ਭੂਮੀ ਅਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ ਨੂੰ ਆਰ.ਕੇ.ਵੀ.ਵਾਈ ਅਤੇ ਸੀ.ਡੀ.ਪੀ. ਅਧੀਨ ਸਿੰਚਾਈ ਲਈ ਧਰਤੀ ਹੇਠ ਪਾਈਪ ਲਾਈਨ ਵਿਛਾਉਣ ਲਈ ਪ੍ਰਵਾਨਿਤ ਪ੍ਰੋਜੈਕਟਾਂ ਨੂੰ ਤੁਰੰਤ ਲਾਗੂ ਕਰਨ ਲਈ ਚੀਫ ਕੰਜਰਵੇਟਰ ਆਫ ਸੁਆਇਲ, ਪੰਜਾਬ ਨੂੰ 10 ਕਰੋੜ ਰੁਪਏ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਅੱਜ ਇੱਥੇ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿੱਤ ਕਮਿਸਨਰ (ਖੇਤੀਬਾੜੀ) ਰਾਹੀਂ ਵਿੱਤ ਵਿਭਾਗ ਦੇ ਵਿਚਾਰ ਲਈ ਆਰਕੇਵੀਵਾਈ ਅਤੇ ਸੀਡੀਪੀ ਫੰਡਾਂ ਨੂੰ ਤੁਰੰਤ ਜਾਰੀ ਕਰਨ ਲਈ ਪ੍ਰਸਤਾਵ ਪੇਸ ਕਰਨ। ਉਨਾਂ ਕਿਹਾ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਪ੍ਰਵਾਨਿਤ ਪ੍ਰਾਜੈਕਟਾਂ ਲਈ ਬਕਾਇਆ ਫੰਡ ਵੀ ਜਲਦ ਤੋਂ ਜਲਦ ਜਾਰੀ ਕੀਤੇ ਜਾਣਗੇ।
ਮੰਤਰੀ ਨੇ ਹਦਾਇਤ ਕੀਤੀ ਕਿ ਸੂਬੇ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਆਰ.ਕੇ.ਵੀ.ਵਾਈ./ਸੀ.ਡੀ.ਪੀ. ਤਹਿਤ ਪ੍ਰਵਾਨਿਤ ਬਾਗਬਾਨੀ ਪ੍ਰਾਜੈਕਟ ਨੂੰ ਪ੍ਰਮੁੱਖ ਤਰਜੀਹ ਦਿੱਤੀ ਜਾਵੇ ਅਤੇ ਇਸ ਲਈ ਲੋੜੀਂਦੇ ਫੰਡ ਬਾਗਬਾਨੀ ਵਿਭਾਗ ਨੂੰ ਜਾਰੀ ਕੀਤੇ ਜਾਣ। ਰਾਜੇਸ ਵਸਸਿਟ, ਚੀਫ ਕੰਜਰਵੇਟਰ ਆਫ ਸੁਆਇਲ, ਪੰਜਾਬ ਨੇ ਮੰਤਰੀ ਨੂੰ ਦੱਸਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ 2007-08 ਤੋਂ ਸੂਬਾ ਪੱਧਰੀ ਪ੍ਰਵਾਨਗੀ ਕਮੇਟੀ (ਐਸਐਲਐਸਸੀ) ਵੱਲੋਂ ਸਿੰਚਾਈ ਲਈ ਧਰਤੀ ਹੇਠਾਂ ਪਾਈਪ ਲਾਈਨ ਵਿਛਾਉਣ ਸਬੰਧੀ ਵੱਖ-ਵੱਖ ਪ੍ਰਵਾਨਿਤ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਕੁੱਲ 103.36 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਣੀ ਹੈ ਜਿਸ ਵਿੱਚ ਆਰ.ਕੇ.ਵੀ.ਵਾਈ. ਲਈ 95.78 ਕਰੋੜ ਰੁਪਏ ਅਤੇ ਸੀਡੀਪੀ ਲਈ 7.58 ਕਰੋੜ ਦੀ ਰਾਸ਼ੀ ਸ਼ਾਮਲ ਹੈ।