ਚੰਡੀਗੜ੍ਹ, ਮੀਡੀਆ ਬਿਊਰੋ:
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਨਵੇਂ ਚੁਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਆਗੂਆਂ ਸਣੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ ਪ੍ਰਧਾਨ ਭਰਤ ਭੂਸ਼ਣ ਆਸ਼ੂ ਤੇ ਡਾ. ਰਾਜ ਕੁਮਾਰ ਚੱਬੇਵਾਲ ਤੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਸ਼ਾਮਲ ਹੋਏ। ਇਹ ਮੀਟਿੰਗ ਦਿੱਲੀ ਵਿਚ ਰਾਹੁਲ ਗਾਂਧੀ ਦੀ ਰਿਹਾਇਸ਼ ‘ਤੇ ਹੋਈ।
ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਕਿਸੇ ਵੀ ਕੀਮਤ ’ਤੇ ਅਨੁਸਾਸ਼ਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਹਡ਼ਾ ਵੀ ਪਾਰਟੀ ਦੇ ਅਨੁਸਾਸ਼ਨ ਨੂੰ ਭੰਗ ਕਰੇਗਾ, ਚਾਹੇ ਉਹ ਮੈਂ ਹੀ ਕਿਉਂ ਨਾ ਹੋਵਾਂ, ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਭਰੋਸਾ ਪ੍ਰਗਟਾਇਆ ਕਿ ਪੰਜਾਬ ਵਿਚ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ।
ਸਿੱਧੂ ’ਤੇ ਜਾਖਡ਼ ਬਾਰੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਸਾਰਿਆਂ ਦੀ ਲੋਡ਼ ਹੈ। ਚਾਹੇ ਉਹ ਸਿੱਧੂ ਹੋਣ ਜਾਂ ਜਾਖਡ਼। ਇਸ ਦੇ ਨਾਲ ਹੀ ਹਰ ਛੋਟੇ ਤੋਂ ਛੋਟੇ ਵਰਕਰ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਕਾਂਗਰਸੀਆਂ ਦਾ ਤਜ਼ਰਬਾ ਤੇ ਨਵੇਂ ਕਾਂਗਰਸੀਆਂ ਦਾ ਜੋਸ਼ ਮਿਲ ਕੇ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਜ਼ਾਰਿਸ਼ ਕਰਦਿਆਂ ਕਿਹਾ ਕਿ ਪੰਜਾਬ ਇਕ ਸੰਵੇਦਨਸ਼ੀਲ ਸੂਬਾ ਹੈ। ਹਿਮਾਚਲ ਜਾਂ ਗੁਜਰਾਤ ਤਾਂ ਕੇਜਰੀਵਾਲ ਦੇਖ ਸਕਦੇ ਹਨ, ਤੁਸੀਂ ਆਪਣਾ ਸੂਬਾ ਦੇਖੋ। ਗੈਂਗਸਟਰ ਵਾਰ ਵਧਦੀ ਜਾ ਰਹੀ ਹੈ। ਸੂਬੇ ਵਿਚ ਅਮਨ ਕਾਨੂੰਨ ਦੀ ਸਥਾਪਨਾ ਕਰਨੀ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ।
ਹਾਲਾਂ ਕਿ ਨਵੀਂ ਚੋਣ ਤੋਂ ਬਾਅਦ ਹੋਣ ਵਾਲੀ ਇਹ ਪਹਿਲੀ ਮੀਟਿੰਗ ਸ਼ਿਸ਼ਟਾਚਾਰੀ ਮੰਨੀ ਜਾ ਰਹੀ ਹੈ ਪਰ ਇਸ ਮੀਟਿੰਗ ਵਿਚ ਸੁਨੀਲ ਜਾਖਡ਼ ਬਾਰੇ ਫੈਸਲਾ ਹੋਣ ਦੀਆਂ ਕਿਆਸ ਅਰਾਈਆਂ ਹਨ।
ਦੱਸ ਦੇਈਏ ਕਿ ਪਾਰਟੀ ਸੁਪਰੀਮੋ ਨੇ ਰਾਜਾ ਵਡ਼ਿੰਗ ਨੂੰ ਪ੍ਰਧਾਨ ਲਾ ਕੇ ਸਿੱਧੂ ਨੂੰ ਖੁੰਝੇ ਲਾਇਆ ਹੈ ਉਥੇ ਹੀ ਕੱਲ੍ਹ ਰਾਜਾ ਵਡ਼ਿੰਗ ਖਿਲਾਫ਼ ਬੋਲਣ ਵਾਲੇ ਕਾਂਗਰਸੀ ਆਗੂ ਧੀਮਾਨ ਨੂੰ ਵੀ ਪਾਰਟੀ ਦੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ।