ਵਾਧੂ ਪਾਣੀ ਪਾਕਿਸਤਾਨ ਵੱਲ ਛੱਡਣਾ ਬਣਿਆ ਮਜਬੂਰੀ
ਪਠਾਨਕੋਟ, ਮੀਡੀਆ ਬਿਊਰੋ:
ਪੰਜਾਬ ਸਰਕਾਰ ਦੇ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ਵਿਚ ਪਾਣੀ ਦਾ ਪੱਧਰ ਵਧੀਆ ਹੋਣ ਦੇ ਬਾਵਜੂਦ ਬਿਜਲੀ ਉਤਪਾਦਨ ਘੱਟ ਹੋ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਨੀਵੇਂ ਇਲਾਕਿਆਂ ਵਿਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਸਿੰਚਾਈ ਲਈ ਪਾਣੀ ਦੀ ਮੰਗ ਨਾ-ਮਾਤਰ ਹੈ। ਇਸ ਕਾਰਨ ਡੈਮ ਪ੍ਰਾਜੈਕਟ ਤੋਂ ਬਿਜਲੀ ਉਤਪਾਦਨ ਬੰਦ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ ਕੰਮ ਕਰ ਰਹੇ ਪਾਵਰਕਾਮ ਕਾਰਪੋਰੇਸ਼ਨ ਦੇ ਡਿਪਟੀ ਡਾਇਰੈਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਡੈਮ ਪ੍ਰਾਜੈਕਟ ਦੀ ਝੀਲ ਵਿਚ ਪਾਣੀ ਦਾ ਪੱਧਰ 510 ਮੀਟਰ ਦੇ ਕਰੀਬ ਪਹੁੰਚ ਚੁੱਕਾ ਹੈ ਪਰ ਸਿੰਚਾਈ ਲਈ ਪਾਣੀ ਦੀ ਮੰਗ ਘੱਟ ਹੋਣ ਕਾਰਨ ਇੱਥੋਂ ਬਿਜਲੀ ਪੈਦਾਵਾਰ ਬਹੁਤ ਘੱਟ ਲਈ ਜਾ ਰਹੀ ਹੈ। ਇਸੇ ਕਾਰਨ ਪਾਕਿਸਤਾਨ ਨੂੰ ਬਿਜਲੀ ਪੈਦਾ ਕਰਨ ਲਈ ਮਜਬੂਰ ਕਰ ਕੇ ਪਾਣੀ ਛੱਡਣਾ ਮਜਬੂਰੀ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਰੋਜ਼ਾਨਾ 26 ਲੱਖ ਦੇ ਕਰੀਬ ਬਿਜਲੀ ਯੂਨਿਟ ਤਿਆਰ ਹੋ ਰਹੇ ਹਨ ਜਦਕਿ ਝੀਲ ਵਿਚ ਪਾਣੀ ਦਾ ਪੱਧਰ ਠੀਕ ਹੋਣ ਕਰ ਕੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਸਕਦੀ ਹੈ। ਵੱਧਦੀ ਮੰਗ ’ਤੇ ਰੋਜ਼ਾਨਾ ਇਕ ਕਰੋਡ਼ ਬਿਜਲੀ ਯੂਨਿਟ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦਿਨ ਵੇਲੇ ਸਿਰਫ਼ ਚਾਰ ਤੋਂ ਪੰਜ ਘੰਟੇ ਬਿਜਲੀ ਪੈਦਾ ਹੋ ਰਹੀ ਹੈ, ਜਿਸ ਕਾਰਨ ਕਰੀਬ ਪੰਜ ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਦੋ ਯੂਨਿਟ ਚਲਾ ਕੇ ਮਾਧੋਪੁਰ ਹੈੱਡਵਰਕਸ ਤੋਂ 11 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਜਦਕਿ ਇਸ ਵਿੱਚੋਂ ਚਾਰ ਹਜ਼ਾਰ ਕਿਊਸਿਕ ਪਾਣੀ ਯੂਬੀਡੀਸੀ ਨਹਿਰ ਵਿਚ ਹਜ਼ਾਰ ਕਿਊਸਿਕ ਪਾਣੀ ਐਮਬੀ ਲਿੰਕ ਵਿਚ, ਸੌ ਕਿਊਸਿਕ ਪਾਣੀ ਕਸ਼ਮੀਰ ਨਹਿਰ ਵਿਚ ਜਾਵੇਗਾ। ਪੰਜ ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਪਾਕਿਸਤਾਨ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ ਹੈ।
ਡੈਮ ਅਧਿਕਾਰੀਆਂ ਨੇ ਦੱਸਿਆ ਕਿ ਭਾਵੇਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਦੂਜੇ ਯੂਨਿਟ ਸ਼ਾਹਪੁਰ ਕੰਢੀ ਬੈਰਾਜ ਡੈਮ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਇਸ ਬੈਰਾਜ ਡੈਮ ਦੀ ਉਸਾਰੀ ਮੁਕੰਮਲ ਹੋਣ ’ਤੇ ਆਰਐੱਸਡੀ ਤੋਂ ਆਉਣ ਵਾਲੇ ਸਮੁੱਚੇ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਜਿਸ ਨਾਲ ਰਣਜੀਤ ਸਾਗਰ ਡੈਮ ਪ੍ਰਾਜੈਕਟ ਨੂੰ ਸਹੀ ਢੰਗ ਨਾਲ ਮਦਦ ਮਿਲੇਗੀ। ਬੈਰੇਜ਼ ਡੈਮ ਤੋਂ 600 ਮੈਗਾਵਾਟ ਤੇ 206 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਵੇਗੀ ਤੇ ਇਸ ਸਥਿਤੀ ਵਿਚ ਪਾਣੀ ਦੀ ਬੂੰਦ ਵੀ ਪਾਕਿਸਤਾਨ ਵੱਲ ਨਹੀਂ ਜਾ ਸਕੇਗੀ ਤੇ ਸਾਰਾ ਪਾਣੀ ਇੱਥੇ ਵਰਤਿਆ ਜਾਵੇਗਾ।