ਬਹਿਰਾਮਪੁਰ, ਮੀਡੀਆ ਬਿਊਰੋ: ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਮੋਹਲੇਧਾਰ ਵਰਖਾ ਕਰਕੇ ਮਕੌੜਾ ਪੱਤਣ ਵਿਖੇ ਬਰਸਾਤੀ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ ।ਜਿਸ ਨਾਲ ਰਾਵੀ ਦਰਿਆ ਤੇ ਬਣੇ ਪੈਨਟੂਨ ਪੁਲ ਦਾ ਅਗਲਾ ਹਿੱਸਾ ਰੁੜ ਗਿਆ ਹੈ ।ਜਿਸ ਨਾਲ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਦਾ ਸੰਪਰਕ ਭਾਰਤ ਨਾਲੋਂ ਟੁੱਟ ਗਿਆ ਹੈ ।ਜਿਕਰਯੋਗ ਹੈ ਕਿ ਮਕੌੜਾ ਪੱਤਣ ਵਿਖੇ ਦੋ ਦਰਿਆਵਾਂ ਦਾ ਸੰਗਮ ਹੁੰਦਾ ਹੈ ।ਇੱਕ ਜੰਮੂ ਕਸ਼ਮੀਰ ਵਿਚੋਂ ਆਉਂਦਾ ਉੱਝ ਦਰਿਆ ਤੇ ਦੂਜਾ ਸਿਵਾਲਿਕ ਦੀਆਂ ਪਹਾੜੀਆਂ ਚੋ ਨਿਕਲ ਮਾਧੋਪੁਰ ਤੋ ਹੁੰਦਾ ਹੋਇਆ ਮਕੌੜਾ ਪੱਤਣ ਵਿਖੇ ਉੱਝ ਨਾਲ ਮਿਲਦਾ ਹੈ ।ਜਿਸ ਕਾਰਨ ਅਕਸਰ ਪਾਰਲੇ ਪਿੰਡਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।
ਪੀ ਡਬਲਿਊ ਅਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੇ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਵਨ ਕੁਮਾਰ ਸਾਬਕਾ ਸਰਪੰਚ ਪਿੰਡ ਚਿਬ ,ਮੋਹਨ ਸਿੰਘ ਕਜਲੇ ਝੁੰਬਰ ਨੇ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਨੂੰ ਵਾਰ ਵਾਰ ਪੁਲ ਦੇ ਪਾਣੀ ਦੇ ਵਹਾਅ ਨਾਲ ਰੁੜ ਜਾਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।ਉੱਕਤ ਵਿਅਕਤੀਆਂ ਨੇ ਸਰਕਾਰ ਅੱਗੇ ਰਾਵੀ ਦਰਿਆ ਤੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਹੈ ।