ਖੰਨਾ (ਪਰਮਜੀਤ ਸਿੰਘ ਧੀਮਾਨ) – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਕ ਫੈਕਟਰੀ ਵੱਲੋਂ ਪ੍ਰਦੂਸ਼ਣ ਫੈਲਾਉਣ ਦੀ ਸ਼ਿਕਾਇਤ ਉਪਰੰਤ ਤੁਰੰਤ ਹਰਕਤ ਵਿਚ ਆਇਆ ਅਤੇ ਇਥੋਂ ਦੇ ਨੇੜਲੇ ਪਿੰਡ ਇਕੋਲਾਹਾ ਵਿਖੇ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਪਿੰਡ ਨਰਾਇਣਗੜ੍ਹ ਤੋਂ ਇਕੋਲਾਹਾ ਰਸਤੇ ਵਿਚ ਇਕ ਫੈਕਟਰੀ ਵਿਚੋਂ ਬੇਹੱਦ ਕੌੜਾ ਧੂੰਆ ਨਿਕਲਦਾ ਹੈ, ਇੰਝ ਲੱਗਦਾ ਹੈ ਜਿਵੇਂ ਫੈਕਟਰੀ ਨੂੰ ਅੱਗ ਲੱਗੀ ਹੋਵੇ। ਇਸ ਕਾਰਨ ਸੜਕ ਤੋਂ ਲੰਘਣ ਵਾਲਿਆਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ, ਜਦੋਂ ਉਨ੍ਹਾਂ ਇਸ ਦੀ ਸੂਚਨਾ ਫੈਕਟਰੀ ਮਾਲਕ ਨੂੰ ਦੇਣੀ ਚਾਹੀ ਤਾਂ ਆਲੇ-ਦੁਆਲੇ ਫੈਕਟਰੀ ਦਾ ਕੋਈ ਵੀ ਬੋਰਡ ਜਾਂ ਨੰਬਰ ਨਹੀਂ ਮਿਲਿਆ। ਜਿਸ ਉਪਰੰਤ ਕੁੱਝ ਲੋਕਾਂ ਨੇ ਇੱਕਠੇ ਹੋ ਕੇ ਇਸਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ ਤਾਂ ਜੋ ਕਿਸੇ ਭਿਆਨਕ ਹਾਦਸੇ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਅੰਦਰ ਜੇਕਰ ਕੁੱਝ ਗਲਤ ਹੋ ਰਿਹਾ ਹੈ ਤਾਂ ਇਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ, ਜਰਨੈਲ ਸਿੰਘ, ਤੇਜਿੰਦਰ ਸਿੰਘ, ਮਨਦੀਪ ਸਿੰਘ ਨੇ ਕਿਹਾ ਕਿ ਅਕਸਰ ਰਬੜ ਸਾੜਨ ਕਾਰਨ ਰਾਹ ਜਾਂਦੇ ਲੋਕਾਂ ਨੂੰ ਅਨੇਕਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਤੂੰ ਵਿਭਾਗ ਦਾ ਕੋਈ ਵੀ ਅਧਿਕਾਰੀ ਆਪ ਜਾਂਚ ਕਰਨ ਨਹੀਂ ਆਉਂਦਾ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਐਸ. ਡੀ. ਐਮ. ਹਰਬੰਸ ਸਿੰਘ ਨੇ ਵਿਭਾਗ ਦੇ ਐਸ. ਡੀ. ਓ. ਨੂੰ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਫੈਕਟਰੀ ਦੀ ਜਾਂਚ ਲਈ ਕਿਹਾ ਗਿਆ ਹੈ, ਜੇਕਰ ਕੁੱਝ ਗਲਤ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।