ਰਾਘਵ ਚੱਢਾ ਬੋਲੇ- ਪੰਜਾਬ ’ਚ ਮੋਦੀ ਤੇ ਭਾਜਪਾ ਨੂੰ ਕੋਈ ਪਸੰਦ ਨਹੀਂ ਕਰਦਾ, ਚੋਣਾਂ ਤੋਂ ਪਹਿਲਾਂ ਪੰਜਾਬ ਵਿਰੋਧੀ ਤਾਕਤਾਂ ਸ਼ਾਂਤੀ ਭੰਗ ਕਰਨ ਦੀਆਂ ਰਚਦੀਆਂ ਨੇ ਸਾਜ਼ਿਸ਼ਾਂ

ਚੰਡੀਗੜ੍ਹ, ਮੀਡੀਆ ਬਿਊਰੋ:

ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਉਪ ਇੰਚਾਰਜ ਰਾਘਵ ਚੱਢਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਘਟਨਾ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ’ਚ ਪੀਐੱਮ ਮੋਦੀ ਅਤੇ ਭਾਜਪਾ ਨੂੰ ਕੋਈ ਪਸੰਦ ਨਹੀਂ ਕਰਦਾ। ਸਾਡੀ ਸਿਆਸੀ ਵਿਚਾਰਧਾਰਾ ਵੀ ਮੋਦੀ ਤੇ ਭਾਜਪਾ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਹੋਣਾ ਹੈਰਾਨੀ ਦੀ ਗੱਲ ਹੈ।

ਹਾਲਾਂਕਿ ਪ੍ਰਧਾਨ ਮੰਤਰੀ ਨੂੰ ਰੈਲੀ ਰੱਦ ਕਰਨ ਦਾ ਬਹਾਨਾ ਚਾਹੀਦਾ ਸੀ ਕਿਉਂਕਿ ਰੈਲੀ ਵਿੱਚ ਕੁਰਸੀਆਂ ਪੂਰੀ ਤਰ੍ਹਾਂ ਖਾਲੀ ਸਨ। ਕਮਜ਼ੋਰ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਬਹਾਨਾ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਖਾਮੀਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਪਸੰਦ ਲੋਕ ਹਨ ਪਰ ਕੁਝ ਪੰਜਾਬ ਵਿਰੋਧੀ ਤਾਕਤਾਂ ਹਰ ਵਾਰ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। 2017 ਵਿਚ ਵੀ ਚੋਣਾਂ ਤੋਂ ਠੀਕ ਪਹਿਲਾਂ ਮੌੜ ਵਿਚ ਬੰਬ ਧਮਾਕੇ ਹੋਏ ਸਨ, ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸਾਹਿਬ ਦੀ ਬੇਅਦਬੀ ਹੋਈ ਸੀ।

ਇਸ ਵਾਰ ਵੀ ਚੋਣਾਂ ਨੇੜੇ ਆਉਂਦੀਆਂ ਦੇਖ ਕੇ ਕੁਝ ਪੰਜਾਬ ਵਿਰੋਧੀ ਤਾਕਤਾਂ ਲੋਕਾਂ ਦੇ ਮਨਾਂ ਵਿਚ ਡਰ ਅਤੇ ਭੈਅ ਪੈਦਾ ਕਰਨ ਲਈ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬੰਬ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਅਤੇ ਲੁਧਿਆਣਾ ਵਿਚ ਦਿਨ ਦਿਹਾੜੇ ਬੰਬ ਧਮਾਕੇ ਦੀ ਘਟਨਾ ਵਾਪਰੀ।

ਚੱਢਾ ਨੇ ਕਾਂਗਰਸ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਚੰਨੀ ਸਰਕਾਰ ਇੰਨੀ ਨਿਕੰਮੀ ਅਤੇ ਕਮਜ਼ੋਰ ਹੈ ਕਿ 100 ਦਿਨਾਂ ਦੇ ਅਰਸੇ ’ਚ ਚਾਰ ਡੀਜੀਪੀ ਬਦਲੇ ਗਏ ਅਤੇ ਹਰ 12 ਘੰਟਿਆਂ ਬਾਅਦ ਤਬਾਦਲੇ-ਪੋਸਟਿੰਗ ਦੀ ਨਵੀਂ ਸੂਚੀ ਜਾਰੀ ਕੀਤੀ ਜਾ ਰਹੀ ਹੈ। ਸੱਤਾ ਲਈ ਆਪਸ ਵਿੱਚ ਲੜਨ ਵਾਲੇ ਕਾਂਗਰਸੀ ਆਗੂ ਕਦੇ ਵੀ ਪੰਜਾਬ ਦੀ ਰਾਖੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਅਮਨ-ਸ਼ਾਂਤੀ ਅਤੇ ਬਿਹਤਰ ਸੁਰੱਖਿਆ ਉਪਲੱਬਧ ਕਰਵਾਉਣ ਵਾਲੀ ਸਰਕਾਰ ਦੀ ਲੋੜ ਹੈ।

Share This :

Leave a Reply