ਖਰੜ/ਮੋਹਾਲ਼ੀ (ਪੰਜਾਬੀ ਮੀਡੀਆ ਬਿਊਰੋ): ਰੌਟਰੀ ਇੰਟਰਨੈਸ਼ਨਲ ਨੇ ਰੌਟਰੀ ਕਲੱਬ, ਚੰਡੀਗੜ੍ਹ ਅਪਟਾਊਨ ਰਾਹੀਂ ਚੁਨਿੰਦਾ ਅਧਿਆਪਕਾਂ ਨੂੰ ਮਾਨਮੱਤੇ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ। ਕਲੱਬ ਪ੍ਰਧਾਨ ਅਜੇ ਗੁਪਤਾ ਦੁਆਰਾ ਕੱਲ੍ਹ ਦੇਰ ਸ਼ਾਮ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਨਿਵਾਜਿਆ ਗਿਆ।
ਇਨ੍ਹਾਂ ਅਧਿਆਪਕਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਡਿਆਲਾ ਦੇ ਡੀ.ਪੀ.ਈ. ਸੰਦੀਪ ਸਿੰਘ ਵੀ ਮੌਜੂਦ ਰਹੇ। ਸਕੂਲ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਅਧਿਆਪਕ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਉਸ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ। ਇਸ ਮਾਨਮੱਤੇ ‘ਨੇਸ਼ਨ ਬਿਲਡਰ ਐਵਾਰਡ’ ਲਈ ਚੁਣੇ ਜਾਣ ਨੂੰ ਉਨ੍ਹਾਂ ਨੇ ਸਕੂਲ ਲਈ ਬੜੇ ਮਾਣ ਦੀ ਗੱਲ ਦੱਸਿਆ। ਮੁੱਖ ਮਹਿਮਾਨ ਡਾ. ਪਰਮਿੰਦਰ ਸਿੰਘ, ਵਾਈਸ ਚਾਂਸਲਰ, ਨੇ ਇਸ ਮੌਕੇ ਸਮਾਜ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਦੇ ਨਾਵਾਂ ਦੀ ਸਿਫਾਰਿਸ਼ ਉਨ੍ਹਾਂ ਦੇ ਸਬੰਧਤ ਪ੍ਰਿੰਸੀਪਲਾਂ ਦੁਆਰਾ ਕੀਤੀ ਗਈ ਸੀ। ਇਸ ਸਮਾਗਮ ਵਿੱਚ ਸੈਕਟਰੀ ਅਰੁਣ ਕੰਬੋਜ, ਪਿਛਲੇ ਪ੍ਰਧਾਨ ਰਾਜੇਸ਼ ਜੈਨ, ਅਨੀਤਾ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਅਧਿਆਪਕ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।ਅਧਿਆਪਕ ਸੰਦੀਪ ਸਿੰਘ ਨੇ ਇਸ ਸਨਮਾਨ ਲਈ ਸਿਫਾਰਿਸ਼ ਕਰਨ ‘ਤੇ ਆਪਣੇ ਸਕੂਲ ਮੁਖੀ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਅੱਗੇ ਤੋਂ ਹੋਰ ਵੀ ਲਗਨ ਨਾਲ ਵਿਦਿਆਰਥੀਆਂ ਪ੍ਰਤੀ ਸਮਰਪਿਤ ਹੋ ਕੇ ਕੰਮ ਕਰਨਗੇ।