ਚੰਡੀਗੜ੍ਹ (ਮੀਡੀਆ ਬਿਊਰੋ) ਅੱਜ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਸ਼੍ਰੀ ਸਚਿਨ ਸ਼ਰਮਾ ਜੀਆਂ ਵੱਲੋਂ ਏਕਤਾ ਉੱਪਲ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਤਿਮਾਹੀ ਮੀਟਿੰਗ ਅਤੇ ਅੰਡਰ ਟਰਾਇਲ ਰਿਵਿਊ ਕਮੇਟੀ ਦੀਆਂ ਮੀਟਿੰਗਾਂ ਕੀਤੀਆਂ ਗਈਆਂ । ਇਹ ਤਿਮਾਹੀ ਮੀਟਿੰਗ ਅਕਤੂਬਰ ਨਵੰਬਰ ਅਤੇ ਦਸੰਬਰ ਮਹੀਨੇ ਲਈ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰਮੀਤ ਸਿੰਘ ਟਿਵਾਣਾ ਮਾਨਯੋਗ ਸੀ. ਜੇ. ਐੱਮ., ਮਾਨਯੋਗ ਡੀ. ਏ. ਸਾਹਿਬ, ਮਾਨਯੋਗ ਐੱਸ. ਐੱਸ. ਪੀ. ਸਾਹਿਬ, ਮਾਨਯੋਗ ਡੀ. ਸੀ. ਆਫਿਸ ਤੋਂ ਐੱਸ. ਡੀ. ਐੱਮ ਸਾਹਿਬ, ਮਾਨਯੋਗ ਜੇਲ੍ਹ ਸੁਪਰਡੰਟ ਆਦਿ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ।
ਇਸ ਮੀਟਿੰਗ ਵਿੱਚ ਇੰਚਾਰਜ ਸੈਸ਼ਨਜ਼ ਜੱਜ ਸਾਹਿਬ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਚਰਚਾ ਕੀਤੀ ਗਈ । ਮਿਡੀਏਸ਼ਨ ਸੈਂਟਰ ਵਿੱਚ ਰਾਜ਼ੀਨਾਮਾ ਹੋਣ ਯੋਗ ਵੱਧ ਤੋਂ ਵੱਧ ਕੇਸ ਭੇਜਣ ਦੀ ਤਜਵੀਜ਼ ਰੱਖੀ ਗਈ । ਇਸ ਤੋਂ ਇਲਾਵਾ ਜੱਜ ਸਾਹਿਬ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਸਕੀਮ ਰਾਹੀਂ ਮਿਲੇ ਵਕੀਲ ਸਾਹਿਬਾਨਾਂ ਦਾ ਜਾਇਜ਼ਾ ਲੈਣ ਬਾਰੇ ਪੁੱਛਣ ਦੇ ਆਦੇਸ਼ ਦਿੱਤੇ ਗਏ । ਮਿਤੀ 12.03.2022 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੱਧ ਤੋਂ ਵੱਧ ਕੇਸ ਰੱਖਣ ਦੀ ਤਜਵੀਜ਼ ਰੱਖੀ ਗਈ । ਪ੍ਰੀ ਲੋਕ ਅਦਾਲਤਾਂ ਦਾ ਆਯੋਜਨ ਕਰਨ ਬਾਰੇ ਆਦੇਸ਼ ਦਿੱਤੇ ਗਏ । ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਛੇਤੀ ਤੋਂ ਛੇਤੀ ਨਿਆਂ ਮਿਲ ਸਕੇ । ਮਾਨਯੋਗ ਡੀ. ਸੀ. ਸਾਹਿਬ ਦੇ ਦਫ਼ਤਰ ਤੋਂ ਆਏ ਐੱਸ. ਡੀ. ਐੱਮ ਸਾਹਿਬ ਨੂੰ ਵਿਕਟਮ ਕੰਪਨਸੇਸ਼ਨ ਲੈਣ ਵਾਲੇ ਬਿਨੈ ਕਾਰਾਂ ਦੇ ਜਲਦੀ ਤੋਂ ਜਲਦੀ ਨਿਰਭਰਤਾ ਸਰਟੀਫਿਕੇਟ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ । ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਸੈਕਸ ਵਰਕਰਾਂ ਦੇ ਆਈ. ਡੀ. ਕਾਰਡ ਬਨਾਉਣ ਦੇ ਵੀ ਆਦੇਸ਼ ਦਿੱਤੇ ਗਏ ।
ਅਪਾਹਜ ਬੱਚਿਆਂ ਦੀ ਪੈਨਸ਼ਨ ਸਬੰਧੀ ਅਰਜ਼ੀਆਂ ਇਸ ਸਕੀਮ ਦੇ ਚੇਅਰਮੈਨ ਸ਼੍ਰੀਮਤੀ ਸ਼ੈਲੀ ਕੰਬੋਜ਼ ਨਾਲ ਰਾਬਤਾ ਕਰਨ ਦੇ ਆਦੇਸ਼ ਦਿੱਤੇ ਗਏ । ਇਸ ਤੋਂ ਬਾਅਦ ਅੰਡਰ ਟਰਾਇਲ ਰਿਵਿਊ ਕਮੇਟੀ ਦੀ ਮੀਟਿੰਗ ਵਿੱਚ ਜੱਜ ਸਾਹਿਬ ਨੇ ਮਾਨਯੋਗ ਜੇਲ੍ਹ ਸੁਪਰਡੰਟ ਸਾਹਿਬ ਨੂੰ ਹਵਾਲਾਤੀਆਂ/ਕੈਦੀਆਂ ਦੀ ਸਹੀ ਰਹਿਣ ਸਹਿਣ ਅਤੇ ਖਾਣ ਪੀਣ ਦਾ ਖਾਸ ਖਿਆਲ ਰੱਖਣ ਦੇ ਆਦੇਸ਼ ਦਿੱਤੇ ਗਏ ਇਸ ਦੇ ਨਾਲ ਉਨ੍ਹਾਂ ਨੂੰ ਹੋਰ ਗਤੀਵਿਧੀਆਂ ਨਾਲ ਜ਼ੋੜਣ ਅਤੇ ਕੋਈ ਹੱਥ ਦਸਤੀ ਕੰਮ ਸਿੱਖਣ ਦੇ ਕੋਰਸ ਕਰਵਾਉਣ ਤੇ ਵੀ ਜ਼ੋਰ ਦਿੱਤਾ ਗਿਆ । ਇਸ ਦੇ ਨਾਲ ਨਾਲ ਉਨ੍ਹਾਂ ਦੀਆਂ ਜਮਾਨਤਾਂ ਦਾ ਸਮਾਂ ਪੂਰਾ ਹੋਣ ਅਤੇ ਅਗਲੇਰੀਆਂ ਅਪੀਲਾਂ ਜਲਦੀ ਤੋਂ ਜਲਦੀ ਲਗਾਉਣ ਦੇ ਆਦੇਸ਼ ਦਿੱਤੇ ਗਏ । ਇਸ ਦੇ ਨਾਲ ਹੀ ਸਚਿਨ ਸ਼ਰਮਾ ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਆਏ ਹੋਏ ਸਾਰੇ ਮਹਿਮਾਨ ਅਫਸਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।