ਸਿੱਖ ਭਾਈਚਾਰੇ ਦੇ ਕੰਮਾਂ ਦੀ ਕੀਤੀ ਸ਼ਲਾਘਾ
ਬ੍ਰਿਸਬੇਨ (ਹਰਜੀਤ ਲਸਾੜਾ) ਕਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਗੁਰੂਘਰਾਂ ਅਤੇ ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਬਾਬਤ ਕੀਤੇ ਕੰਮਾਂ ਦੀ ਸ਼ਲਾਘਾ ਲਈ ਉਚੇਚੇ ਤੌਰ ‘ਤੇ ਪੁੱਜੇ ਕੁਈਨਜ਼ਲੈਂਡ ਲਿਬਰਲ ਨੈਸ਼ਨਲ ਪਾਰਟੀ ਦੇ ਸੈਨੇਟਰ ਅਤੇ ਸਾਬਕਾ ਮਾਈਨਿੰਗ ਕਾਰਜਕਾਰੀ ਪਾਲ ਮਾਰਟਿਨ ਸਕੈਰ ਲੋਗਨ ਗੁਰੂਘਰ ਬ੍ਰਿਸਬੇਨ ਵਿਖੇ ਨਤਮਸਤਕ ਹੋਏ। ਸੈਨੇਟਰ ਨੇ ਆਪਣੀ ਸੰਖੇਪ ਤਕਰੀਰ ‘ਚ ਸਥਾਨਕ ਮੀਡੀਆ ਨੂੰ ਸੰਬੋਧਨ ‘ਚ ਕਿਹਾ ਕਿ ਉਹ ਸਿੱਖ ਭਾਈਚਾਰੇ ਵੱਲੋਂ ਦੇਸ਼ ਦੀ ਸੇਵਾ ਅਤੇ ਉੱਨਤੀ ਲਈ ਪਾਏ ਜਾ ਰਹੇ ਯੋਗਦਾਨ ਤੋਂ ਬਹੁਤ ਪ੍ਰਭਾਵਿਤ ਹਨ।
ਉਹਨਾਂ ਲੋਗਨ ਗੁਰੂਘਰ ਦੀ ਸਮੂਹ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਕਰੋਨਾਵਾਇਰਸ ਦੇ ਨਾਜ਼ੁਕ ਦੌਰ ਵਿੱਚ ਲੋੜਮੰਦਾਂ ਲਈ ਸ਼ੁਰੂਆਤ ਤੋਂ ਚੱਲ ਰਹੀ ਮੁਫ਼ਤ ਲੰਗਰ ਸੇਵਾ ਦੀ ਪ੍ਰਸੰਸਾ ਕੀਤੀ ਅਤੇ ਇਸਨੂੰ ਗੁਰਬਾਣੀ ਦੇ ਹਵਾਲੇ ਨਾਲ਼ ਮਨੁੱਖਤਾ ਲਈ ਉੱਤਮ ਕਾਰਜ ਦੱਸਿਆ। ਉਹਨਾਂ ਹੋਰ ਕਿਹਾ ਕਿ ਉਹ ਖੁੱਸ਼ ਹਨ ਕਿ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਆਸਟ੍ਰੇਲਿਆਈ ਅਰਥਚਾਰੇ ਤੇ ਹੋਰਨਾਂ ਭਾਈਚਾਰਿਆਂ ਸੰਗ ਅਹਿਮ ਰੋਲ ਨਿਭਾ ਰਿਹਾ ਹੈ। ਉਹਨਾਂ ਖ਼ਾਸ ਤੌਰ ‘ਤੇ ਕਿਹਾ ਕਿ ਉਹ ਕੈਨਬਰਾ ਵਿਖੇ ਅਗਲੇ ਸੰਸਦੀ ਸੈਸ਼ਨ ਦੌਰਾਨ ਸਾਥੀ ਸੰਸਦ ਮੈਂਬਰਾਂ ਨੂੰ ਵੀ ਸਿੱਖ ਭਾਈਚਾਰੇ ਵੱਲੋਂ ਦੇਸ਼ ਦੀ ਲੋਕਾਈ ਲਈ ਨਿਭਾਏ ਜਾ ਰਹੇ ਵਿਲੱਖਣ ਕਾਰਜਾਂ ਦਾ ਵਿਖਿਆਨ ਕਰਨਗੇ। ਸੈਨੇਟਰ ਨੇ ਖੁੱਦ ਲੰਗਰ ਦੀ ਸੇਵਾ ‘ਚ ਹੱਥ ਵੀ ਵਟਾਇਆ ਅਤੇ ਗੁਰੂ ਪਿਆਰੀ ਸਾਧ-ਸੰਗਤ ਦਾ ਧੰਨਵਾਦ ਕੀਤਾ।