ਵਾਈਟ ਹਾਊਸ ਸਮੇਤ ਹੋਰ ਥਾਵਾਂ ਤੇ ਸ਼ਾਤਮਈ ਪ੍ਰਦਰਸ਼ਨ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਦੌਰਾਨ ਕਾਲਿਆਂ ਉਪਰ ਅਤਿਆਚਾਰ ਦੇ ਉਠਾਏ ਮੁੱਦਿਆਂ ਦੇ ਮੱਦੇਨਜਰ ਕਾਨੂੰਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਰਜ ਦਾ ਭਰਾ ਇਸ ਹਫਤੇ ਕਾਂਗਰਸ ਦੀ ਇਕ ਕਮੇਟੀ ਅੱਗੇ ਪੇਸ਼ ਹੋਵੇਗਾ ਤੇ ਨਸਲੀ ਹਿੰਸਾ ਬਾਰੇ ਆਪਣੇ ਵਿਚਾਰ ਰਖੇਗਾ। ਹਾਊਸ ਜੁਡੀਸ਼ਰੀ ਕਮੇਟੀ ਦੀ ਸਪੋਕਸਪਰਸਨ ਸ਼ਾਡਵਨ ਰੈਡਿਕ ਸਮਿਥ ਨੇ ਕਿਹਾ ਹੈ ਕਿ ਫਿਲੋਨਿਸ ਫਲਾਇਡ ਬੁੱਧਵਾਰ ਨੂੰ ਸੁਣਵਾਈ ਦੌਰਾਨ ਆਪਣੇ ਭਰਾ ਜਾਰਜ ਦੀ ਮੌਤ, ਪੁਲਿਸ ਦੀ ਦਰਿੰਦਗੀ ਤੇ ਨਸਲੀ ਭਿੰਨਭੇਦ ਬਾਰੇ ਆਪਣਾ ਪੱਖ ਰਖੇਗਾ।
ਫਿਲੋਨਿਸ ਫਲਾਇਡ ਵੱਲੋਂ ਜੁਡੀਸ਼ਰੀ ਕਮੇਟੀ ਅੱਗੇ ਕੀਤੇ ਖੁਲਾਸੇ ਦੀ ਬਹੁਤ ਅਹਿਮੀਅਤ ਸਮਝੀ ਜਾਂਦੀ ਹੈ ਕਿਉਂਕਿ ਕਮੇਟੀ ਦੀਆਂ ਸ਼ਿਫਾਰਸ਼ਾਂ ਦੇ ਆਧਾਰ ‘ਤੇ ਇਕ ਕਾਨੂੰਨ ਬਣਾਏ ਜਾਣ ਦੀ ਸੰਭਾਵਨਾ ਹੈ ਜਿਸ ਦਾ ਮਕਸਦ ਪ੍ਰਦਰਸ਼ਕਾਰੀਆਂ ਵੱਲੋਂ ਨਸਲੀ ਹਿੰਸਾ ਨੂੰ ਲੈ ਕੇ ਉਠਾਏ ਮਸਲਿਆਂ ਨੂੰ ਸੁਲਝਾਉਣਾ ਹੈ।
ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ–
ਜਾਰਜ ਫਲਾਇਡ ਦੀ ਮੌਤ ਨੇ ਸਮੁੱਚੇ ਅਫਰੀਕਨ ਮੂਲ ਦੇ ਅਮਰੀਕੀ ਨਾਗਰਿਕਾਂ ਵਿਚ ਜਾਗਰੂਕਤਾ ਪੈਦਾ ਕਰ ਦਿੱਤੀ ਹੈ। ਅੱਜ 12 ਵੇਂ ਦਿਨ ਵਾਸ਼ਿੰਗਟਨ ਸਮੇਤ ਵੱਖ ਵੱਖ ਥਾਵਾਂ ‘ਤੇ ਸ਼ਾਤਮਈ ਪ੍ਰਦਰਸ਼ਨ ਹੋਏ ਜਿਨਾਂ ਵਿਚ ਕਾਲੇ, ਗੋਰੇ, ਨੌਜਵਾਨ, ਬਜ਼ੁਰਗ, ਹਰ ਵਰਗ ਤੇ ਉਮਰ ਦੇ ਲੋਕ ਸ਼ਾਮਿਲ ਹੋਏ। ਡਾਊਨ ਟਾਊਨ ਵਾਸ਼ਿੰਗਟਨ ਵਿਚ ਹਜਾਰਾਂ ਲੋਕ ਇਕੱਤਰ ਹੋਏ। ਵਾਸ਼ਿੰਗਟਨ ਵਿਚ ਕੈਪੀਟੋਲ, ਲਿੰਕਨ ਮੈਮੋਰੀਅਲ ਤੇ ਵਾਈਟ ਹਾਊਸ ਨੇੜੇ ਲੋਕ ਇਕੱਤਰ ਹੋਏ ਤੇ ਉਨਾਂ ਨੇ ਅਫਰੀਕਨ ਮੂਲ ਦੇ ਅਮਰੀਕੀ ਨਾਗਰਿਕਾਂ ਖਿਲਾਫ਼ ਪੁਲਿਸ ਹਿੰਸਾ ਦਾ ਜੋਰਦਾਰ ਵਿਰੋਧ ਕੀਤਾ। ਸ਼ਹਿਰ ਵਿਚ ਰੈਲੀ ਵੀ ਕੱਢੀ ਗਈ। ਸਨਫਰਾਂਸਿਸਕੋ, ਉਤਰੀ ਕੈਰੋਲੀਨਾ ਤੇ ਫਿਲਾਡੈਲਫੀਆ ਵਿਚ ਪ੍ਰਦਰਸ਼ਨਕਾਰੀਆਂ ਨੇ ਇਨਕਲਾਬ ਜਿੰਦਾਬਾਦ ਤੇ ਇਨਕਲਾਬ ਤੋਂ ਘਟ ਕੁਝ ਨਹੀਂ ਚਾਹੀਦਾ ਵਰਗੇ ਨਾਅਰੇ ਲਾਏ। ਉਤਰੀ ਕੈਰੋਲੀਨਾ ਜਿਥੇ ਜਾਰਜ ਫਲਾਇਡ ਦਾ ਜਨਮ ਹੋਇਆ ਸੀ, ਵਿਖੇ ਵੱਡਾ ਇਕੱਠ ਹੋਇਆ। ਇਕੱਠ ਵਿਚ ਫਲਾਇਡ ਦੇ ਪਰਿਵਾਰਕ ਮੈਂਬਰ, ਮਿੱਤਰ-ਦੋਸਤ ਤੇ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਉਤਰੀ ਕੈਰੋਲੀਨਾ ਦੇ ਦੋ ਕਾਂਗਰਸ ਮੈਂਬਰ ਜੀ ਕੇ ਬਟਰਫੀਲਡ ਡੈਮੋਕਰੈਟਿਕ ਤੇ ਰਿਚਰਡ ਹੁਡਸਨ ਰਿਪਬਲੀਕਨ ਵੀ ਸ਼ਾਮਿਲ ਸਨ। ਕ੍ਰਿਸਟੋਫਰ ਡੀ ਸਟੇਕਹਾਊਸ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 25 ਮਈ ਦਾ ਦਿਨ ਇਕ ਵੱਖਰੀ ਤਰਾਂ ਦਾ ਦਿਨ ਸੀ ਕਿਉਂਕਿ ਉਸ ਦਿਨ ਜਾਰਜ ਫਲਾਈਡ ਦੀ ਪੁਲਿਸ ਹਿਰਾਸਤ ਵਿਚ ਮੌਤ ਹੋਈ ਸੀ। ਉਨਾਂ ਕਿਹਾ ਕਿ ਅੱਜ ਲੋਕ ਸੜਕਾਂ ਉਪਰ ਨਿਕਲ ਆਏ ਹਨ। ਜਾਰਜ ਦੀ ਮੌਤ ਨੇ ਲੋਕਾਂ ਵਿਚ ਇਕ ਨਵਾਂ ਜੋਸ਼ ਭਰ ਦਿੱਤਾ ਹੈ ਜਿਸ ਸਦਕਾ ਰਾਸ਼ਟਰ ਵਿਚ ਤਬਦੀਲੀ ਤੈਅ ਹੈ।
ਫਲਾਇਡ ਚੰਗਾ ਬੰਦਾ ਨਹੀਂ ਸੀ–
ਕੰਜਰਵੇਟਿਵ ਕਾਰਕੁੰਨ ਕੰਡੇਸ ਓਨਜ ਦੀ ਇਕ ਇੰਟਰਵਿਊ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵਿਟਰ ‘ਤੇ ਸਾਂਝਾ ਕੀਤਾ ਹੈ। ਕੰਡੇਸ ਓਨਜ ਨੇ ਕਿਹਾ ਹੈ ਕਿ ‘” ਜਾਰਜ ਫਲਾਇਡ ਚੰਗਾ ਬੰਦਾ ਨਹੀਂ ਸੀ। ਉਹ 5 ਵਾਰ ਜੇਲ ਜਾ ਚੁੱਕਾ ਹੈ। ਮੈ ਹੈਰਾਨ ਹਾਂ ਕਿ ਉਸ ਨੂੰ ਸ਼ਹੀਦ ਵਾਂਗ ਪੇਸ਼ ਕੀਤਾ ਜਾ ਰਿਹਾ ਹੈ।” ਰੇਡੀਓ ਹੋਸਟ ਗਲੈਨ ਬੈਕ ਨੇ ਇਸ ਇੰਟਰਵਿਊ ਨੂੰ ਟਵਿਟਰ ਉਪਰ ਪਾਇਆ ਹੈ ਜਿਸ ਨੂੰ ਅਗੇ ਟਰੰਪ ਨੇ ਬਿਨਾਂ ਕਿਸੇ ਟਿਪਣੀ ਦੇ ਟਵੀਟ ਕੀਤਾ ਹੈ।