ਇਕ ਸ਼ੱਕੀ ਗੰਭੀਰ ਜ਼ਖਮੀ
ਵਾਸ਼ਿਗੰਟਨ (ਹੁਸਨ ਲੜੋਆ ਬੰਗਾ)– ਵਾਈਟ ਹਾਊਸ ਨੇੜੇ ਗੋਲੀ ਚੱਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਰੱਖਿਆ ਗਾਰਡਾਂ ਵੱਲੋਂ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਤੇ ਵਾਈਟ ਹਾਊਸ ਸੀਲ ਕਰ ਦਿੱਤਾ ਗਿਆ। ਰਾਸ਼ਟਰਪਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਗੁਪਤ ਸੇਵਾ ਦਾ ਇਕ ਅਧਿਕਾਰੀ ਉਨਾਂ ਨੂੰ ਵਾਈਟ ਹਾਊਸ ਵਿਚ ਹੋਰ ਕਿਧਰੇ ਲੈ ਗਿਆ। ਕੁਝ ਦੇਰ ਬਾਅਦ ਰਾਸ਼ਟਰਪਤੀ ਕਮਰੇ ਵਿਚ ਪਰਤ ਆਏ ਤੇ ਉਨਾਂ ਦੱਸਿਆ ”ਵਾਈਟ ਹਾਊਸ ਦੇ ਬਾਹਰ ਗੋਲੀ ਚੱਲੀ ਹੈ।
ਇਨਫੋਰਸਮੈਂਟ ਅਧਿਕਾਰੀਆਂ ਨੇ ਇਕ ਸ਼ੱਕੀ ਨੂੰ ਗੋਲੀ ਮਾਰੀ ਹੈ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਤੁਸੀਂ ਵੀ ਹੈਰਾਨ ਹੋ ਤੇ ਮੈਨੂੰ ਵੀ ਘਟਨਾ ਵਾਪਰਨ ਉਪਰ ਹੈਰਾਨੀ ਹੋਈ ਹੈ। ਮੈਨੂੰ ਓਵਲ ਦਫਤਰ ਵਿਚ ਲਿਜਾਇਆ ਗਿਆ ਸੀ ਤੇ ਮੈਨੂੰ ਗੋਲੀ ਚੱਲਣ ਪਿੱਛੇ ਕਾਰਨ ਦਾ ਪਤਾ ਨਹੀਂ ਹੈ। ਸ਼ੱਕੀ ਵਿਅਕਤੀ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦੋਂ ਉਹ ਵਾਈਟ ਹਾਊਸ ਨੇੜੇ ਵਾੜ ਦੇ ਨੇੜੇ ਖੜਾ ਸੀ। ਗੋਲੀ ਚੱਲਣ ਦੀ ਘਟਨਾ ਦਾ ਮੇਰੇ ਨਾਲ ਕੋਈ ਸਬੰਧ ਨਹੀਂ ਹੈ”। ਡੀ. ਸੀ ਦੇ ਅਧਿਕਾਰੀਆਂ ਅਨੁਸਾਰ ਸ਼ੱਕੀ ਦੀ ਹਾਲਤ ਗੰਭੀਰ ਹੈ। ਗੋਲੀਬਾਰੀ ਵਿਚ ਗੁਪਤ ਸੇਵਾ ਦਾ ਇਕ ਅਧਿਕਾਰੀ ਵੀ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।