ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਾਕ ਰਾਹੀਂ ਵੋਟਾਂ ਪਾਉਣ ਬਾਰੇ ਆਪਣਾ ਪੈਂਤੜਾ ਬਦਲਦਿਆਂ ਕਿਹਾ ਹੈ ਕਿ ਡਾਕ ਰਾਹੀਂ ਵੀ ਵੋਟਾਂ ਪਾਈਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਘਟੋ ਘੱਟ ਫਲੋਰੀਡਾ ਵਿਚ ਡਾਕ ਰਾਹੀਂ ਵੋਟਾਂ ਪੈ ਸਕਦੀਆਂ ਹਨ। ਫਲੋਰੀਡਾ ਵਿਚ ਬੀਤੇ ‘ਚ ਰਾਸ਼ਟਰਪਤੀ ਟਰੰਪ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਰਾਸ਼ਟਰਪਤੀ ਟਰੰਪ ਜੋ ਬੀਤੇ ਸਮੇ ਵਿਚ ਡਾਕ ਰਾਹੀਂ ਵੋਟਾਂ ਪਾਉਣ ਦਾ ਵਿਰੋਧ ਕਰਦੇ ਰਹੇ ਹਨ, ਨੇ ਟਵੀਟ ਕੀਤਾ ਹੈ ਕਿ ਫਲੋਰੀਡਾ ਦੀ ਵੋਟਿੰਗ ਪ੍ਰਣਾਲੀ ਸੁਰੱਖਿਅਤ ਤੇ ਦਰੁਸਤ ਹੈ। ਇਸ ਲਈ ਮੈਂ ਸਾਰੇ ਫਲੋਰੀਡਾ ਵਾਸੀਆਂ ਨੂੰ ਕਹਿੰਦਾ ਹਾਂ ਕਿ ਉਹ ਵਧ ਚੜਕੇ ਡਾਕ ਰਾਹੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
ਇਥੇ ਮਹੱਤਵ ਪੂਰਨ ਹੈ ਕਿ ਫਲੋਰੀਡਾ ਵਿਚ ਰਿਪਬਲੀਕਨ ਗਵਰਨਰ ਹੈ। ਟਵੀਟ ਦੇ ਕੁਝ ਮਿੰਟਾਂ ਬਾਅਦ ਪ੍ਰੈਸ ਸਕੱਤਰ ਕੇਲੀਘ ਮੈਕਏਨਾਨੀ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਦੀ ਸਥਿੱਤੀ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਉਨਾਂ ਕਿਹਾ ਕਿ ਵੋਟਾਂ ਨਾ ਪਾਉਣ ਦਾ ਮਾਮਲਾ ਵੱਡੀ ਪੱਧਰ ਉਪਰ ਡਾਕ ਰਾਹੀਂ ਵੋਟਾਂ ਪਾਉਣ ਨਾਲੋਂ ਵੱਖਰਾ ਹੈ। ਇਥੇ ਇਹ ਵਰਣਨਯੋਗ ਹੈ ਕਿ ਹਾਲ ਹੀ ਵਿਚ ਰਾਸ਼ਟਰਪਤੀ ਨੇ ਡਾਕ ਰਾਹੀਂ ਵੋਟਾਂ ਪਾਉਣ ਦਾ ਜਬਰਦਸਤ ਵਿਰੋਧ ਕਰਦਿਆਂ ਕਿਹਾ ਸੀ ਕਿ ਇਸ ਨਾਲ ਚੋਣਾਂ ਵਿਚ ਧੋਖਾਧੜੀ ਹੋ ਸਕਦੀ ਹੈ। ਉਨਾਂ ਟਵੀਟ ਕੀਤਾ ਸੀ ਕਿ ਜੇਕਰ ਡਾਕ ਰਾਹੀਂ ਵੋਟਾਂ ਪਾਉਣ ਦੀ ਇਜਾਜ਼ਤ ਦਿੱਤੀ ਗਈ ਤਾਂ 2020 ਦੀਆਂ ਚੋਣਾਂ ਮੁਕੰਮਲ ਤੌਰ ‘ਤੇ ਧੋਖਾ ਸਾਬਤ ਹੋਣਗੀਆਂ।
ਭਾਰਤ ਨਾਲ ਕੀਤੀ ਤੁਲਨਾ-
ਰਾਸ਼ਟਰਪਤੀ ਟਰੰਪ ਨੇ ਕੋਰੋਨਾਵਾਇਰਸ ਵਿਰੁੱਧ ਚੁੱਕੇ ਗਏ ਕਦਮਾਂ ਨੂੰ ਸਹੀ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਦੀ 1.4 ਅਰਬ ਆਬਾਦੀ ਹੈ ਤੇ ਉਸ ਨੇ 1.10 ਕਰੋੜ ਟੈਸਟ ਕੀਤੇ ਹਨ ਜਦ ਕਿ ਅਮਰੀਕਾ ਦੀ 33 ਕਰੋੜ ਆਬਾਦੀ ਹੈ ਤੇ ਉਸ ਨੇ 6 ਕਰੋੜ ਟੈਸਟ ਕੀਤੇ ਹਨ। ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਬਾਰੇ ਰਾਸ਼ਟਰਪਤੀ ਦੇ ਆਪਾ ਵਿਰੋਧੀ ਬਿਆਨਾਂ ਕਾਰਨ ਉਨਾਂ ਦੀ ਵੱਡੀ ਪੱਧਰ ਉਪਰ ਅਲੋਚਨਾ ਹੁੰਦੀ ਰਹੀ ਹੈ। ਰਾਸ਼ਟਰਪਤੀ ਨੇ ਭਾਰਤ ਨਾਲ ਤੁਲਨਾ ਕਰਦਿਆਂ ਜੋ ਅੰਕੜੇ ਵਰਤੇ ਹਨ ਉਹ ਵੀ ਪੁਰਾਣੇ ਹਨ। ਭਾਰਤ 28 ਜੁਲਾਈ ਤੱਕ 1.80 ਕਰੋੜ ਟੈਸਟ ਕਰ ਚੁੱਕਾ ਹੈ।