ਨਾਭਾ (ਤਰੁਣ ਮਹਿਤਾ) ਦੁਲਦੀ ਗੇਟ ਵਿਖੇ ਸ਼੍ਰੀ ਊਸ਼ਾ ਮਾਤਾ ਸਕੂਲ ਦੀ ਮਾਪੇ ਜਥੇਬੰਦੀ ਪੇਰੈਂਟਸ ਵੈਲਫ਼ੇਅਰ ਸੋਸਾਇਟੀ ਦੀ ਆਪਸੀ ਮੀਟਿੰਗ ਹੋਈ। ਜਿਸ ਵਿਚ ਮੁੱਖ ਤੌਰ ਤੇ ਸਕੂਲ ਦੀਆਂ ਫੀਸਾਂ ਤੇ ਸੂਬਾ ਸਰਕਾਰ ਵੱਲੋਂ ਇਕ ਸਿਤੰਬਰ ਤੋਂ ਸਕੂਲ ਖੋਲ੍ਹਣ ਦਾ ਮੁੱਦਾ ਮਾਪਿਆਂ ਵਿਚਾਲੇ ਚਰਚਾ ਦਾ ਵਿਸ਼ਾ ਬਣੇ ਰਹੇ। ਗੌਰਤਲਬ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਸਕੂਲ ਦੇ ਮਾਪਿਆਂ ਤੇ ਸਕੂਲ ਪ੍ਰਬੰਧਕਾਂ ਵਿਚਕਾਰ ਫੀਸਾਂ ਦੀ ਅਦਾਇਗੀ ਨੂੰ ਲੈ ਕੇ ਆਪਸੀ ਤਨਾ ਤਾਨੀ ਦਾ ਮਾਹੋਲ ਬਣਿਆ ਹੋਇਆ ਸੀ।
ਜਿਸ ਮਗਰੋਂ ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨਾਲ ਮੀਟਿੰਗ ਕੀਤੀ। ਅਤੇ ਕਰੋਨਾ ਮਹਾਂਮਾਰੀ ਕਾਰਨ ਬੰਦ ਪਏ ਕੰਮ ਧੰਦੇ ਕਾਰਨ ਹੋਈ ਆਰਥਿਕ ਮੰਦਹਾਲੀ ਦੇ ਸੰਕਟ ਵਿਚ ਮਾਪਿਆਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ, ਜ਼ਿਕਰਯੋਗ ਹੈ ਕਿ ਮਾਪਿਆਂ ਦੀ ਮੰਗ ਪੱਤਰ ਅਨੁਸਾਰ ਸਲਾਨਾ ਫ਼ੰਡ ਵਿਚ 50% ਦੀ ਛੋਟ ਅਤੇ ਮਹੀਨਾਵਾਰ ਟਿਊਸ਼ਨ ਫੀਸ ਵਿਚ 30% ਦੀ ਛੋਟ ਦਿੱਤੀ ਗਈ, ਨਵੇਂ ਵਿੱਤੀ ਵਰ੍ਹੇ 2020-2021 ਦੌਰਾਨ ਕੋਈ ਫੀਸ ਵਾਧਾ ਨਹੀਂ ਕੀਤਾ ਗਿਆ ਅਤੇ ਨਾਲ ਹੀ ਟਰਾਂਸਪੋਰਟ ਫੀਸਾਂ ਦੀ ਵੀ ਪੂਰੀ ਤਰ੍ਹਾਂ ਛੋਟ ਦਿੱਤੀ ਗਈ, ਇਸ ਤੋਂ ਇਲਾਵਾ ਜੋ ਮਾਪੇ ਇੰਨੀ ਫੀਸ ਦੇਣ ਵਿਚ ਵੀ ਅਸਮਰੱਥ ਹਨ। ਜਾਂ ਉਨ੍ਹਾਂ ਦੇ ਆਰਥਿਕ ਹਾਲਾਤ ਬਹੁਤ ਖਰਾਬ ਹਨ ਤਾਂ ਉਹ ਸਕੂਲ ਨੂੰ ਇਕ ਬੇਨਤੀ ਪੱਤਰ ਰਾਹੀਂ ਹੋਰ ਫੀਸ ਮੁਆਫੀ ਦੀ ਮੰਗ ਕਰ ਸਕਦੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ਼੍ਰੀ ਮਾਨ ਰਾਜੇਸ਼ ਬਾਂਸਲ ਬੱਬੂ ਜੀ ਨੇ ਜਥੇਬੰਦੀ ਨੂੰ ਲੋੜਵੰਦ ਮਾਪਿਆਂ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਭਰੋਸਾ ਦਿੱਤਾ। ਇਸ ਲਈ ਸਮੂਹ ਸਕੂਲ ਪ੍ਰਬੰਧਕ ਕਮੇਟੀ ਦਾ ਪੇਰੈਂਟਸ ਵੈਲਫ਼ੇਅਰ ਸੋਸਾਇਟੀ ਵੱਲੋਂ ਧੰਨਵਾਦ ਕੀਤਾ ਗਿਆ। ਦੂਜੇ ਪਾਸੇ ਦਿਨੋ ਦਿਨ ਵੱਧ ਰਹੀ ਕਰੋਨਾ ਮਰੀਜਾਂ ਦੀ ਗਿਣਤੀ ਨੇ ਮਾਪਿਆਂ ਵਿਚਾਲੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਇਸ ਸੰਬੰਧੀ ਸੂਬਾ ਸਰਕਾਰ ਦੇ ਇਕ ਸਿਤੰਬਰ ਤੋਂ ਸਕੂਲਾਂ ਨੂੰ ਖੋਲਣ ਦੀ ਨੀਤੀ ਤੋਂ ਨਾਰਾਜ਼ ਮਾਪਿਆਂ ਨੇ ਸ਼ਪਿੰਗ ਮਾਲ, ਬਸ ਸਟੈਂਡ ਖੁੱਲਣ ਦੀ ਤਰਜ਼ ਦੇ ਅਧਾਰ ਤੇ ਸਕੂਲ ਖੋਲ੍ਹੇ ਜਾਣ ਇਸ ਯੋਜਨਾ ਦੀ ਨਿਖੇਧੀ ਕਰਦਿਆਂ ਸਰਕਾਰ ਨੂੰ ਬੇਨਤੀ ਕੀਤੀ ਕਿ ਸਕੂਲ ਖੋਲ੍ਹਣ ਤੋਂ ਪਹਿਲਾਂ ਸੰਸਦ ਭਵਨ, ਵਿਧਾਨ ਸਭਾ ਖੋਲ੍ਹੇ ਜਾਣ ਸਾਡੇ ਬੱਚੇ ਕੋਈ ਮੈਡੀਕਲ ਲੈਬੋਰਟਰੀ ਦੀਆਂ ਟੈਸਟਿੰਗ ਕੀਟਾਂ ਨਹੀਂ ਜੋ ਸਰਕਾਰ ਉਨ੍ਹਾਂ ਤੇ ਆਪਣਾ ਸਕੂਲ ਖੋਲਣ ਦਾ ਦਾਓ ਖੇਡ ਕੇ ਇਸ ਕਰੋਨਾ ਮਹਾਂਮਾਰੀ ਦੇ ਦਾ ਪੱਧਰ ਪਤਾ ਕਰੂਗੀ। ਇਸ ਮੌਕੇ ਸਮਾਜ ਸੇਵਕ ਰਾਮ ਸਿੰਘ, ਰਾਜੀਵ ਕੁਮਾਰ, ਡਾ.ਅਮਰਦੀਪ ਸਿੰਘ, ਅਮਨ ਅਰੋੜਾ ਅਤੇ ਹੋਰ ਵਧੇਰੇ ਗਿਣਤੀ ਵਿਚ ਮਾਪੇ ਹਾਜਿਰ ਸਨ।