ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਆਪਣੀਆਂ ਟੈਕਸ ਰਿਟਰਨਾਂ ਜਾਰੀ ਕੀਤੀਆਂ ਹਨ। ਇਹਨਾਂ ਦੇ ਅਨੁਸਾਰ 2020 ਵਿੱਚ, ਹੈਰਿਸ ਦੀ ਆਮਦਨੀ 10 ਲੱਖ ਡਾਲਰ ਤੋਂ ਵੀ ਵੱਧ ਸੀ, ਜਦੋਂ ਕਿ ਬਾਈਡੇਨ ਦੀ ਆਮਦਨ 607,336 ਡਾਲਰ ਸੀ। ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਜਿਲ ਬਾਈਡੇਨ ਨੇ ਸਾਂਝੇ ਤੌਰ ‘ਤੇ ਆਪਣੀ ਇਨਕਮ ਟੈਕਸ ਰਿਟਰਨ ਭਰੀ ਅਤੇ ਫੈਡਰਲ ਐਡਜਸਟਡ ਕੁੱਲ 607,336 ਡਾਲਰ ਦੀ ਰਿਪੋਰਟ ਕੀਤੀ, ਜੋ ਕਿ ਸਾਲ 2019 ਦੀ 985,223 ਡਾਲਰ ਨਾਲੋਂ ਘੱਟ ਹੈ ਅਤੇ ਇਹਨਾਂ ਦੇ ਟੈਕਸ ਦੀ ਦਰ 25.9 ਪ੍ਰਤੀਸ਼ਤ ਹੈ। ਜਦਕਿ ਉਪ ਰਾਸ਼ਟਰਪਤੀ ਅਤੇ ਉਹਨਾਂ ਦੇ ਪਤੀ ਡੱਗ ਐਮਹੋਫ ਨੇ ਫੈਡਰਲ ਐਡਜਸਟ ਕੀਤੀ ਗਈ ਕੁੱਲ ਇਨਕਮ 1,695,225 ਡਾਲਰ ਦੱਸੀ। ਉਨ੍ਹਾਂ ਨੇ ਇਨਕਮ ਟੈਕਸ ਵਿੱਚ 621,893 ਡਾਲਰ ਦਾ ਭੁਗਤਾਨ ਕੀਤਾ ਅਤੇ ਇਨਕਮ ਟੈਕਸ ਦੀ ਦਰ 36.7 ਪ੍ਰਤੀਸ਼ਤ ਹੈ।
ਉਨ੍ਹਾਂ ਨੇ ਕੈਲੀਫੋਰਨੀਆ ਦੇ ਇਨਕਮ ਟੈਕਸ ਵਿੱਚ ਵੀ 125,004 ਡਾਲਰ ਦਾ ਭੁਗਤਾਨ ਵੀ ਕੀਤਾ ਜਦਕਿ ਐਮਹੋਫ ਨੇ ਡਿਸਟ੍ਰਿਕਟ ਕੋਲੰਬੀਆ ਇਨਕਮ ਟੈਕਸ ਵਿੱਚ ਵੀ 56,997 ਡਾਲਰ ਦਾ ਭੁਗਤਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ 2020 ਵਿੱਚ ਚੈਰਿਟੀ ਲਈ ਵੀ 27,006 ਡਾਲਰ ਦਾ ਯੋਗਦਾਨ ਪਾਇਆ। ਇੰਨਾ ਹੀ ਨਹੀਂ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਨੇ 10 ਵੱਖ-ਵੱਖ ਚੈਰਿਟੀਜ ਨੂੰ 30,704 ਡਾਲਰ ਜਾਂ ਉਨ੍ਹਾਂ ਦੀ ਕੁੱਲ ਆਮਦਨ ਦਾ 5.1 ਪ੍ਰਤੀਸ਼ਤ ਦਾਨ ਵਜੋਂ ਦਿੱਤਾ ਹੈ। ਇਸ ਦੌਰਾਨ ਰਾਸ਼ਟਰਪਤੀ ਅਤੇ ਜਿਲ ਬਾਈਡੇਨ ਨੇ ਆਪਣੀ ਡੇਲਾਵੇਅਰ ਇਨਕਮ ਟੈਕਸ ਰਿਟਰਨ ਵੀ ਜਾਰੀ ਕੀਤਾ ਅਤੇ ਇਨਕਮ ਟੈਕਸ ਵਿੱਚ, 28,794 ਡਾਲਰ ਭੁਗਤਾਨ ਕਰਨ ਦੀ ਰਿਪੋਰਟ ਕੀਤੀ। ਜਿਲ ਬਾਈਡੇਨ ਨੇ ਆਪਣੀ ਵਰਜੀਨੀਆ ਇਨਕਮ ਟੈਕਸ ਰਿਟਰਨ ਵੀ ਜਾਰੀ ਕੀਤੀ , ਜਿਸਦਾ ਟੈਕਸ 443 ਡਾਲਰ ਹੈ। ਅਮਰੀਕਾ ਦੇ ਕਾਨੂੰਨ ਅਨੁਸਾਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੇ ਆਪਣੀਆਂ ਪਬਲਿਕ ਫਾਈਨੈਂਸੀਅਲ ਖੁਲਾਸੇ ਦੀਆਂ ਰਿਪੋਰਟਾਂ ਵੀ ਜਾਰੀ ਕੀਤੀਆਂ।