ਜਾਰਜ ਫਲਾਇਡ ਦੀ ਮੌਤ ਨੂੰ ਨਜਿੱਠਣ ਦੇ ਮਾਮਲੇ ‘ਚ ਟਰੰਪ ਦੀ ਪਹੁੰਚ ਨੂੰ ਅਮਰੀਕੀਆਂ ਨੇ ਨਕਾਰਿਆ

ਮਿਨੀਆਪੋਲਿਸ ਦੇ ਮੇਅਰ ਜੈਕਬ ਫ੍ਰੇ ਨੌਰਥ ਸੈਂਟਰਲ ਯੂਨੀਵਰਸਿਟੀ ਵਿਚ ਜਾਰਜ ਫਲਾਇਡ ਦੀ ਅੰਤਮ ਕਿਰਿਆ ਵੇਲੇ ਸਰਧਾਂਜਲੀ ਦੇਂਦੇ ਹੋਏ।

ਲੋਕਾਂ ਨੇ 8.46 ਮਿੰਟ ਚੁੱਪ ਰਹਿਕੇ ਫਲਾਇਡ ਨੂੰ ਦਿੱਤੀਆਂ ਸ਼ਰਧਾਂਜਲੀਆਂ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ) -4 ਸਰਵੇਖਣਾਂ ਵਿਚ ਅਮਰੀਕੀਆਂ ਨੇ ਜਾਰਜ ਫਲਾਇਡ ਦੀ ਮੌਤ ਤੇ ਉਸ ਉਪਰੰਤ ਹੋਏ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਪਣਾਈ ਪਹੁੰਚ ਨੂੰ ਰੱਦ ਕਰ ਦਿੱਤਾ ਹੈ। ਟਰੰਪ ਤੇ  ਸੈਨੇਟਰ ਟੌਮ ਕੌਟਨ ਸਮੇਤ ਕਈ ਹੋਰ ਰਿਪਬਲੀਕਨ ਸੈਨੇਟਰ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਫੌਜ ਤਾਇਨਾਤ ਕਰਨ ਦੀ ਵਕਾਲਤ ਕਰ ਰਹੇ ਹਨ ਜਦ ਕਿ ਰਖਿਆ ਮੰਤਰੀ ਮਾਰਕ ਐਸਪਰ , ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁੱਸ਼ ਤੇ ਹੋਰਨਾਂ ਨੇ ਪੁਰਜੋਰ ਸ਼ਬਦਾਂ ਵਿਚ ਟਰੰਪ ਪ੍ਰਸ਼ਾਸਨ ਦੀ ਇਸ ਪਹੁੰਚ ਦਾ ਵਿਰੋਧ ਕੀਤਾ ਹੈ।

ਸੀ.ਬੀ.ਸੀ ਨਿਊਜ਼, ਐਮਰਸਨ ਕਾਲਜ, ਰਾਈਟਰ ਤੇ ਮੋਨਮਾਊਥ ਯੁਨੀਵਰਸਿਟੀ ਵੱਲੋਂ ਕਰਵਾਏ ਸਰਵੇਖਣਾਂ ਅਨੁਸਾਰ ਜਿਆਦਾਤਰ ਅਮਰੀਕੀ ਟਰੰਪ ਦੇ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਦੇ ਢੰਗ ਤਰੀਕੇ ਨਾਲ ਸਹਿਮਤ ਨਹੀਂ ਹਨ ਤੇ ਜਿਸ ਢੰਗ ਨਾਲ ਰਾਸ਼ਟਰਪਤੀ ਨੇ ਨਸਲੀ ਮੁੱਦੇ ਨੂੰ ਉਭਾਰਿਆ ਉਸ ਨੂੰ ਵੀ ਰੱਦ ਕੀਤਾ ਹੈ।
ਜਾਰਜ ਫਲਾਇਡ ਨੂੰ ਸ਼ਰਧਾਂਜਲੀਆਂ-
 ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਈ ਮੌਤ ਨੇ ਅਮਰੀਕੀਆਂ ਨੂੰ ਇਕਜੁੱਟ ਕਰ ਦਿੱਤਾ ਹੈ। ਅੱਜ ਅਮਰੀਕਾ ਭਰ ਵਿਚ ਪ੍ਰਦਰਸ਼ਨਕਾਰੀਆਂ ਤੇ ਹੋਰ ਲੋਕਾਂ ਨੇ ਜਾਰਜ ਫਲਾਇਡ ਨੂੰ ਯਾਦ ਕੀਤਾ ਤੇ 8.46 ਮਿੰਟ ਚੁੱਪ ਰਹਿ ਕੇ ਮ੍ਰਿਤਕ ਨੂੰ ਸ਼ਰਧਾਂਜਲੀਆਂ ਦਿੱਤੀਆਂ। ਯਾਦ ਰਹੇ ਗੋਰੇ ਪੁਲਿਸ ਅਧਿਕਾਰੀ ਡੈਰਿਕ ਚੂਵਿਨ ਨੇ 8.46 ਮਿੰਟਾਂ ਤੱਕ ਜਾਰਜ ਫਲਾਇਡ ਦੀ ਸਾਹ ਰਗ ਆਪਣੇ ਗੋਡੇ ਨਾਲ ਦਬਾਈ ਰਖੀ ਸੀ ਜਿਸ ਕਾਰਨ ਉਹ ਦਮ ਤੋੜ ਗਿਆ ਸੀ। ਕਈ ਥਾਵਾਂ ‘ਤੇ ਪੁਲਿਸ ਨੇ ਵੀ ਗੋਡਿਆਂ ਭਾਰ ਹੋ ਕੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ। ਐਟਲਾਂਟਾ ਵਿਚ ਮਾਰਟਿਨ ਲੂਥਰ ਕਿੰਗ ਜੁਨੀਅਰ ਦੀ ਧੀ ਬਰਨੀਸ ਕਿੰਗ ਨੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਓਦੋਂ ਤੱਕ ਰੁਕਣਾ ਨਹੀਂ ਜਦੋਂ ਤੱਕ ਅਮਰੀਕਾ ਸਮੇਤ ਵਿਸ਼ਵ ਭਰ ਵਿਚ ਕਿਸੇ ਕਾਲੇ ਜਾਂ ਭੂਰੇ ਵਿਅਕਤੀ ਦੇ ਸਾਹ ਬੰਦ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਣ ਵਾਲੀਆਂ ਘਟਨਾਵਾਂ ਬੰਦ ਨਹੀਂ ਹੋ ਜਾਂਦੀਆਂ। ਫਾਲ ਰਿਵਰ, ਮਾਸਾਚੂਸੈਟਸ ਵਿਚ ਪ੍ਰਦਰਸ਼ਨਕਾਰੀ ਘਾਹ ਉਪਰ ਪੁੱਠੇ ਲੇਟ ਗਏ ਤੇ ਉਨਾਂ ਨੇ ਆਪਣੇ ਹੱਥ ਪਿੱਠ ਪਿੱਛੇ ਕੀਤੇ ਹੋਏ ਸਨ ਬਿਲਕੁੱਲ ਉਸੇ ਤਰਾਂ ਜਿਸ ਤਰਾਂ ਜਾਰਜ ਫਲਾਇਡ ਆਪਣੇ ਅੰਤ ਵੇਲੇ ਪੁੱਠਾ ਪਿਆ ਸੀ ਤੇ ਪੁਲਿਸ ਅਧਿਕਾਰੀ ਨੇ ਉਸ ਦੀ ਸਾਹ ਰਗ ਉਪਰ ਪੂਰੇ ਜੋਰ ਨਾਲ ਗੋਡਾ ਰਖਿਆ ਹੋਇਆ ਸੀ। ਫਾਲ ਰਿਵਰ ਦੇ ਪੁਲਿਸ ਅਧਿਕਾਰੀਆਂ ਨੇ ਵੀ ਗੋਡਿਆਂ ਭਾਰ ਹੋ ਕੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੱਤਾ।
ਪੁਲਿਸ ਨੇ ਮੈਡੀਕਲ ਸੈਂਟਰ ਤਬਾਹ ਕੀਤਾ-
ਐਸ਼ਵਿਲੇ, ਐਨ. ਸੀ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਲਈ ਬਣਾਇਆ ਵਾਲੰਟਰੀ ਮੈਡੀਕਲ ਸੈਂਟਰ ਤਬਾਹ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਹ ਮੈਡੀਕਲ ਸੈਂਟਰ ਨਿੱਜੀ ਜਾਇਦਾਦ ‘ਚ ਮਾਲਿਕ ਦੀ ਬਿਨਾਂ ਆਗਿਆ ਤੋਂ ਬਣਾਇਆ ਗਿਆ ਸੀ। ਪੁਲਿਸ ਨੇ ਇਥੇ ਪਈਆਂ ਪਾਣੀਆਂ ਦੀਆਂ ਬੋਤਲਾਂ, ਪੱਟੀਆਂ ਤੇ ਹੋਰ ਡਾਕਟਰੀ ਸਾਜ ਸਮਾਨ ਨਸ਼ਟ ਕਰ ਦਿੱਤਾ। ਮੇਅਰ ਐਸਥਰ ਮੈਨਹੀਮਰ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਬੇਹੂਦਾ ਕਰਾਰ ਦਿੱਤਾ ਹੈ। ਪੁਲਿਸ ਮੁੱਖੀ ਡੇਵਿਡ ਜੈਕ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਬੋਤਲਾਂ ਨੂੰ ਪੁਲਿਸ ਖਿਲਾਫ ਹਥਿਆਰ ਵਜੋਂ ਵਰਤ ਰਹੇ ਸਨ ਇਸ ਲਈ ਉਨਾਂ ਨੂੰ ਤਬਾਹ ਕੀਤਾ ਗਿਆ ਹੈ

Share This :

Leave a Reply