ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਚੀਨ ਤੋਂ ਆਏ ਭੇਦਭਰੇ ਬੀਜ਼ ਨਾ ਬੀਜਣ ਲਈ ਕਿਹਾ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਚੀਨ ਤੋਂ ਆਏ ਫੁੱਲਾਂ ਤੇ ਸਬਜ਼ੀਆਂ ਦੇ 14 ਕਿਸਮਾਂ ਦੇ ਭੇਦਭਰੇ ਬੀਜ਼ਾਂ ਦੀ ਪਛਾਣ ਕੀਤੀ ਹੈ ਤੇ ਇਸ ਸਬੰਧੀ ਲੋਕਾਂ ਨੂੰ ਚੌਕਸ ਕੀਤਾ ਹੈ। ਸਾਰੇ 50 ਰਾਜਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪਲਾਂਟ ਹੈਲਥ ਸਰਵਿਸਜ ਲਈ ਕੰਮ ਕਰਦੇ ਓਸਾਮਾ ਐਲ ਲਿਸੀ ਨੇ ਕਿਹਾ ਹੈ ਕਿ ਚੀਨ ਤੋਂ ਆਏ ਪੈਕਟਾਂ ਵਿਚ ਮੌਰਨਿੰਗ ਗਲੋਰੀ ਤੇ ਗੁਲਾਬ ਦੇ ਫੁੱਲਾਂ ਸਮੇਤ ਹੋਰ ਫੁੱਲਾਂ ਦੇ ਬੀਜ਼ ਹਨ। ਇਸੇ ਤਰਾਂ ਬੰਦਗੋਭੀ ਸਮੇਤ ਕੁਝ ਸਬਜ਼ੀਆਂ ਦੇ ਬੀਜ਼ ਹਨ।

ਖੇਤੀਬਾੜੀ ਵਿਭਾਗ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਸ ਕਿਸੇ ਨੂੰ ਵੀ ਇਹ ਪੈਕਟ ਮਿਲੇ ਹਨ ਉਹ ਅਗਲੀਆਂ ਹਦਾਇਤਾਂ ਤੱਕ ਇਨਾਂ ਨੂੰ ਸਾਂਭ ਕੇ ਰਖਣ ਤੇ ਇਨਾਂ ਪੈਕਟਾਂ ਉਪਰ ਲੱਗੇ ਡਾਕ ਲੇਬਲ ਨੂੰ ਵੀ ਪਾੜਨ ਨਾ। ਵਿਭਾਗ ਨੇ ਲੋਕਾਂ ਨੂੰ ਇਹ ਬੀਜ਼ ਨਾ ਬੀਜਣ ਲਈ ਕਿਹਾ ਹੈ ਤੇ ਕਿਹਾ ਹੈ ਕਿ ਉਹ ਸਟੇਟ ਪਲਾਂਟ ਰੈਗੂਲੇਟਰੀ ਅਧਿਕਾਰੀਆਂ ਨਾਲ ਸੰਪਰਕ ਕਰਨ। ਖੇਤੀਬਾੜੀ ਵਿਭਾਗ ਨੇ ਕਿਹਾ ਹੈ ਕਿ ਉਹ ਇਹ ਪੈਕਟ ਇਕੱਠੇ ਕਰ ਰਿਹਾ ਹੈ ਤੇ ਇਨਾਂ ਦੀ ਮੁਕੰਮਲ ਪਰਖ ਕੀਤੀ ਜਾਵੇਗੀ ਤੇ ਇਹ ਪਤਾ ਲਾਇਆ ਜਾਵੇਗਾ ਕਿ ਇਨਾਂ ਬੀਜ਼ਾਂ ਵਿਚ ਕੋਈ ਅਜਿਹਾ ਤੱਤ ਤਾਂ ਨਹੀਂ ਹੈ ਜੋ ਖੇਤੀਬਾੜੀ ਜਾਂ ਵਾਤਾਵਰਣ ਲਈ ਨੁਕਸਾਨ ਦੇਹ ਹੋਵੇ। ਟੈਕਸਾਸ ਦੇ ਖੇਤੀਬਾੜੀ ਕਮਿਸ਼ਨਰ ਸਿਡ ਮਿਲਰ ਨੇ ਚਿਤਾਵਨੀ ਦਿੱਤੀ ਹੈ ਕਿ ਪੈਕਟਾਂ ਵਿਚ ਖਤਰਨਾਕ ਕਿਸਮਾਂ ਦੇ ਬੀਜ਼ ਹੋ ਸਕਦੇ ਹਨ ਜੋ ਫਸਲਾਂ, ਹੋਰ ਪੌਦਿਆਂ ਤੇ ਮਨੁੱਖਾਂ ਲਈ ਨੁਕਸਾਨਦੇਹ ਹੋ ਸਕਦੇ ਹਨ।

Share This :

Leave a Reply