ਅਮਰੀਕਾ ਵੱਲੋਂ ਦੱਖਣੀ ਸਮੁੰਦਰ ਵਿਚ ਚੀਨ ਦੇ ਸਾਰੇ ਦਾਅਵੇ ਰੱਦ

ਗਵਾਂਢੀ ਦੇਸ਼ਾਂ ਨੂੰ ਡਰਾ ਧਮਕਾ ਕੇ ਕਬਜ਼ਾ ਕਰਨ ਦੇ ਦੋਸ਼

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਟਰੰਪ ਪ੍ਰਸ਼ਾਸਨ ਨੇ ਦੱਖਣ ਚਾਈਨਾ ਸਮੁੰਦਰ ਵਿਚ ਚੀਨ ਦੇ ਤਕਰੀਬਨ ਸਾਰੇ ਦਾਅਵੇ ਰੱਦ ਕਰਦਿਆਂ ਦੋਸ਼ ਲਾਇਆ ਹੈ ਕਿ ਚੀਨ ਆਪਣੇ ਗਵਾਂਢੀ ਮੁਲਕਾਂ ਨੂੰ ਡਰਾ ਧਮਕਾ ਕੇ ਸਮੁੰਦਰੀ ਸਾਧਨਾਂ ਉਪਰ ਕਬਜ਼ਾ ਕਰ ਰਿਹਾ ਹੈ। ਇਹ ਪ੍ਰਗਟਾਵਾ ਵਿਦੇਸ਼ ਮੰਤਰੀ ਮਾਈਕ ਪੋਮਪੀਓ ਨੇ ਕੀਤਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਚੀਨ ਜਿਸ ਦੀ ਲਾਠੀ ਉਸ ਦੀ ਭੈਂਸ ਵਾਲੀ ਨੀਤੀ ਉਪਰ ਚਲ ਰਿਹਾ ਹੈ ਤੇ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਉਸ ਨੇ ਦੱਖਣ ਪੂਰਬ ਏਸ਼ੀਅਨ ਤੱਟੀ ਦੇਸ਼ਾਂ ਦੇ ਅਧਿਕਾਰਾਂ ਨੂੰ ਤੁੱਛ ਸਮਝਿਆ ਹੈ। ਇਸ ਲਈ ਅਸੀਂ ਇਹ ਸਪਸ਼ਟ ਕਰ ਦੇਣਾ ਚਹੁੰਦੇ ਹਾਂ ਕਿ ਬੀਜਿੰਗ ਦੇ ਦੱਖਣੀ ਸਮੁੰਦਰੀ ਸਾਧਨਾਂ ਉਪਰ ਸਾਰੇ ਦਾਅਵੇ ਗੈਰ ਕਾਨੂੰਨੀ ਹਨ ਤੇ ਉਹ ਉਨਾਂ ਨੂੰ ਆਪਣੇ ਨਿਯੰਤਰਣ ਹੇਠ ਕਰਨ ਲਈ ਆਪਣੀ ਤਾਕਤ ਦਾ ਡਰਾਵਾ ਦੇ ਰਿਹਾ ਹੈ। ਚੀਨ ਨਿਰੰਤਰ ਦੱਖਣੀ ਸਮੁੰਦਰ ਜੋ ਤੇਲ, ਗੈਸ ਤੇ ਮੱਛੀ ਸਮੇਤ ਹੋਰ ਕੁੱਦਰਤੀ ਸਾਧਨਾਂ ਨਾਲ ਭਰਪੂਰ ਹੈ, ਉਪਰ ਆਪਣਾ ਦਾਅਵਾ ਕਰਦਾ ਆ ਰਿਹਾ ਹੈ।


ਅਮਰੀਕਾ ਦੀ ਪਹਿਲੀ ਨੀਤੀ ਇਹ ਸੀ ਕਿ ਚੀਨ ਤੇ ਗਵਾਂਢੀ ਮੁਲਕਾਂ ਵਿਚਾਲੇ ਸਮੁੰਦਰੀ ਵਿਵਾਦ ਨੂੰ ਕੌਮਾਂਤਰੀ ਵਿਚੋਲਗੀ ਰਾਹੀਂ ਅਮਨ ਪੂਰਵਕ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਨੀਤੀ ਵਿਚ ਤਬਦੀਲੀ ਕਰਦਿਆਂ ਦੱਖਣ ਚਾਈਨਾ ਸਮੁੰਦਰ ਵਿਚ ਸਾਰੇ ਵਿਵਾਦ ਦੀ ਜੜ ਚੀਨ ਨੂੰ ਦਸਿਆ ਹੈ। ਟਰੰਪ ਪ੍ਰਸ਼ਾਸਨ ਦੇ ਐਲਾਨ ਕਾਰਨ ਅਮਰੀਕਾ ਤੇ ਚੀਨ ਵਿਚਾਲੇ ਤਨਾਅ ਨਵੇਂ ਦੌਰ ਵਿਚ ਦਾਖਲ ਹੋ ਜਾਵੇਗਾ। ਟਰੰਪ ਪ੍ਰਸ਼ਾਸਨ ਦੇ ਐਲਾਨ ਤੋਂ ਪਹਿਲਾਂ ਚੀਨ ਨੇ ਸੈਨੇਟਰ ਮਾਰਕੋ ਰੂਬੀਓ ਸਮੇਤ 3 ਅਮਰੀਕੀ ਸੰਸਦ ਮੈਂਬਰਾਂ ਉਪਰ ਪਾਬੰਦੀਆਂ ਲਾ ਦਿੱਤੀਆਂ ਸਨ। ਇਸ ਤਰਾਂ ਦੀਆਂ ਹੀ ਪਾਬੰਦੀਆਂ ਕੁਝ ਦਿਨ ਪਹਿਲਾਂ ਅਮਰੀਕਾ ਨੇ ਚੀਨ ਦੇ ਅਧਿਕਾਰੀਆਂ ਉਪਰ ਲਾਈਆਂ ਸਨ।

Share This :

Leave a Reply