ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬ੍ਰਿਟੇਨ ਕੋਰੋਨਾ ਵਾਇਰਸ ਮਹਾਂਮਾਰੀ ਦੀ ਮਾਰੂ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਸਿਹਤ ਸੰਭਾਲ ਪ੍ਰਣਾਲੀ ਦੀ ਸਹਾਇਤਾ ਲਈ ਹੋਰ 1000 ਵੈਂਟੀਲੇਟਰ ਭੇਜ ਰਿਹਾ ਹੈ। ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਇਸ ਮੁਸ਼ਕਿਲ ਘੜੀ ਵਿੱਚ ਭਾਰਤ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਸੀ ਅਤੇ ਇਸ ਵਿੱਚ ਐੱਨ ਐੱਚ ਐੱਸ ਸਟਾਫ, ਪ੍ਰੋਫੈਸਰ ਕ੍ਰਿਸ ਵਿੱਟੀ ਅਤੇ ਸਰ ਪੈਟਰਿਕ ਵਾਲੈਂਸ ਦੀ ਸਲਾਹ ਵੀ ਸ਼ਾਮਿਲ ਹੈ। ਯੂਕੇ ਦੀ ਇਸ ਵਾਧੂ ਸਪਲਾਈ ਵਿੱਚ 1000 ਵੈਂਟੀਲੇਟਰ, ਪਿਛਲੇ ਹਫਤੇ ਭੇਜੇ 200 ਵੈਂਟੀਲੇਟਰਾਂ ਤੋਂ ਵਖਰੇ ਹਨ। ਜਿਸ ਵਿੱਚ ਲੱਗਭਗ 500 ਆਕਸੀਜਨ ਕਨਸਨਟ੍ਰੇਟਰ ਵੀ ਸ਼ਾਮਿਲ ਹਨ। ਅੰਕੜਿਆਂ ਅਨੁਸਾਰ ਐਤਵਾਰ ਨੂੰ 24 ਘੰਟਿਆਂ ਦੇ ਅੰਦਰ-ਅੰਦਰ 3,689 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਭਾਰਤ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਰੋਜ਼ਾਨਾ ਕੋਰੋਨਾ ਵਾਇਰਸ ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਹੈ।
ਇਸਦੇ ਨਾਲ ਹੀ 24 ਦਿਨਾਂ ਦੀ ਮਿਆਦ ਵਿੱਚ ਭਾਰਤ ਨੇ 400,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਹਨ। ਪ੍ਰੋ. ਵਿੱਟੀ ਇੰਗਲੈਂਡ ਦੇ ਮੁੱਖ ਮੈਡੀਕਲ ਅਫਸਰ ਅਤੇ ਮੁੱਖ ਵਿਗਿਆਨਕ ਸਲਾਹਕਾਰ ਸਰ ਪੈਟਰਿਕ ਨੇ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਐੱਨ ਐੱਚ ਐੱਸ ਇੰਗਲੈਂਡ ਵੀ ਆਪਣਾ ਗਿਆਨ ਸਾਂਝਾ ਕਰਦਿਆਂ ਭਾਰਤ ਦੀ ਹਮਾਇਤ ਕਰਨ ਲਈ ਇੱਕ ਕਲੀਨਿਕ ਸਲਾਹਕਾਰੀ ਸਮੂਹ ਸਥਾਪਿਤ ਕਰ ਰਿਹਾ ਹੈ।






















