ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਇਲੀਨੋਏ ਵਿੱਚ ਕੁੱਝ ਚੋਰਾਂ ਵੱਲੋਂ, ਮਿਹਨਤ ਕਰਕੇ ਆਪਣਾ ਗੁਜਾਰਾ ਕਰਨ ਵਾਲੇ ਇੱਕ ਉਬਰ ਡਰਾਈਵਰ ਨੂੰ ਸਿਰ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਹੱਤਿਆ ਬਾਰੇ ਪੁਲਿਸ ਨੇ ਦੱਸਿਆ ਕਿ ਸ਼ਿਕਾਗੋ ਦੇ ਬਾਹਰ ਕਾਰਜੈਕਿੰਗ ਦੌਰਾਨ ਸਿਰ ਵਿੱਚ ਗੋਲੀ ਲੱਗਣ ਤੋਂ ਦੋ ਦਿਨ ਬਾਅਦ ਇੱਕ ਉਬਰ ਡਰਾਈਵਰ ਦੀ ਮੌਤ ਹੋ ਗਈ। ਇੰਡੀਆਨਾ ਨਿਵਾਸੀ ਜੋਅ ਸ਼ੈਲਸਟਰੇਟ (38) ਸੋਮਵਾਰ ਸ਼ਾਮ ਨੂੰ ਇਲੀਨੋਏ ਦੇ ਸਿਸੀਰੋ ਵਿੱਚ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਸਨੇ ਚਾਰ ਹਥਿਆਰਬੰਦ ਵਿਅਕਤੀਆਂ ਨੂੰ ਗੱਡੀ ਵਿੱਚ ਬਿਠਾਇਆ ਜਿਨ੍ਹਾਂ ਨੇ ਉਬਰ ਐਪ ਦੀ ਵਰਤੋਂ ਕਰਦਿਆਂ ਉਸ ਨਾਲ ਤਾਲਮੇਲ ਕੀਤਾ ਸੀ।
ਇਸ ਘਟਨਾ ਦੇ ਸਬੰਧ ਵਿੱਚ ਪ੍ਰਾਪਤ ਕੀਤੀ ਗਈ ਇੱਕ ਸੀ ਸੀ ਟੀ ਵੀ ਕੈਮਰਾ ਫੁਟੇਜ਼ ਵਿੱਚ ਚਾਰ ਵਿਅਕਤੀਆਂ ਨੂੰ ਉਸ ਦੀ ਫੋਰਡ ਕਾਰ ਦੇ ਵੱਲ ਆਉਂਦਿਆਂ ਵੇਖਿਆ ਗਿਆ ਹੈ ਅਤੇ ਪੁਲਿਸ ਅਨੁਸਾਰ ਉਨ੍ਹਾਂ ਵਿਚੋਂ ਇੱਕ ਜੋ ਕਿ ਪਿਛਲੀ ਸੀਟ ਬੈਠ ਗਿਆ ਸੀ ਨੇ ਪੈਸਿਆਂ ਅਤੇ ਫੋਨ ਦੀ ਚੋਰੀ ਕਰਨ ਤੋਂ ਬਾਅਦ ਵੀ ਤਿੰਨ ਬੱਚਿਆਂ ਦੇ ਇਸ ਡਰਾਈਵਰ ਪਿਤਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਦਿਮਾਗੀ ਸੱਟ ਹੋਣ ਕਰਕੇ ਸ਼ੈਲਸਟਰੇਟ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਸਿਸੀਰੋ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਕੋਈ ਅਪਰਾਧਿਕ ਹਿਸਟਰੀ ਨਹੀਂ ਸੀ, ਉਹ ਇੱਕ ਮਿਹਨਤੀ ਨੌਜਵਾਨ ਸੀ ਜੋ ਡਾਲਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨਾਬਾਲਗ ਸ਼ੱਕੀ ਲੜਕੇ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਹਮਲੇ ਕਾਰਨ ਇਲਾਕੇ ਦੇ ਉਬਰ ਡਰਾਈਵਰਾਂ ਵਿੱਚ ਸਹਿਮ ਪੈਦਾ ਹੋ ਗਿਆ ਹੈ ਅਤੇ ਹੋਰ ਹਮਲਿਆਂ ਨੂੰ ਰੋਕਣ ਲਈ ਉਬਰ ਨੂੰ ਇਸ ਦੇ ਐਪ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ।