ਮੈਕਏਲਨ (ਹੁਸਨ ਲੜੋਆ ਬੰਗਾ)– ਦੱਖਣੀ ਟੈਕਸਸ ਵਿਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀਆਂ ਮਾਰਕੇ ਉਸ ਵੇਲੇ ਹੱਤਿਆ ਕਰ ਦਿੱਤੀ ਜਦ ਉਹ ਇਕ ਐਮਰਜੈਂਸੀ ਫੋਨ ਆਉਣ ‘ਤੇ ਮੌਕੇ ਉਪਰ ਜਾ ਰਹੇ ਸਨ। ਜਨਤਿਕ ਸੁਰੱਖਿਆ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਕ੍ਰਿਸਟੋਫਰ ਓਲੀਵਰੇਜ਼ ਨੇ ਦਸਿਆ ਕਿ ਪੁਲਿਸ ਅਫਸਰਾਂ ਨੂੰ ਮੈਕਏਲਨ ਸ਼ਹਿਰ ਦੇ ਦੱਖਣ ਵਿਚ ਗੋਲੀ ਮਾਰੀ ਗਈ।
ਉਨਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਉਹ ਬਚਾਏ ਨਹੀਂ ਜਾ ਸਕੇ। ਇਕ ਸ਼ੱਕੀ ਹਮਲਾਵਰ ਦੇ ਵੀ ਗੋਲੀ ਲੱਗੀ ਹੈ ਪਰ ਉਸ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਮੈਕਏਲਨ ਪੁਲਿਸ ਮੁਖੀ ਵਿਕਟਰ ਰੋਡਰਿਜਜ ਨੇ ਕਿਹਾ ਹੈ ਕਿ ਅਸੀਂ ਆਪਣੇ ਦੋ ਜਵਾਨ ਗਵਾ ਲਏ ਹਨ ਜੋ ਸਾਡੇ ਸ਼ਹਿਰ ਵਿਚ ਕੇਵਲ ਸ਼ਾਂਤੀ ਬਣਾਈ ਰਖਣ ਲਈ ਕੰਮ ਕਰਦੇ ਸਨ। ਉਨਾਂ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਅਜੇ ਹੋਰ ਵੇਰਵੇ ਨਹੀਂ ਮਿਲ ਸਕੇ।