ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ ਅੱਜ ਦੋ ਹੋਰ ਕੋਵਿਡ ਕੇਸ ਆਉਣ ਬਾਅਦ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 13 ਹੋ ਗਈ ਹੈ। ਸਿਵਲ ਸਰਜਨ ਡਾ. ਭਾਟੀਆ ਨੇ ਦੱਸਿਆ ਕਿ ਇਨ੍ਹਾਂ ’ਚੋਂ ਇੱਕ 20 ਸਾਲਾ ਨੌਜੁਆਨ ਨਵਾਂਸ਼ਹਿਰ ਦੇ ਕਾਈਆਂ ਮੁਹੱਲਾ ਦਾ ਰਹਿਣ ਵਾਲਾ ਹੈ ਜੋ ਕਿ ਲਾਕਡਾਊਨ ਤੋਂ ਪਹਿਲਾਂ ਆਪਣੇ ਰਾਜ ਯੂ ਪੀ ਚਲਾ ਗਿਆ ਸੀ ਅਤੇ ਲਾਕਡਾਊਨ ਖੁੱਲ੍ਹਣ ਬਾਅਦ ਹੁਣ ਹੀ ਨਵਾਂਸ਼ਹਿਰ ਪਰਤਿਆ ਸੀ।
ਦੂਸਰਾ 70 ਸਾਲਾ ਵਿਅਕਤੀ ਮਾਹੀਪੁਰ ਦਾ ਰਹਿਣ ਵਾਲਾ ਹੈ ਜੋ ਕਿ ਦਿੱਲੀ ਤੋਂ ਪਰਤਣ ਬਾਅਦ ਪਾਜ਼ਿਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਹੀ ਵਿਅਕਤੀ ਇਕਾਂਤਵਾਸ ਕੀਤੇ ਹੋਏ ਸਨ। ਦੋਵਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਆਈਸੋਲੇਸ਼ਨ ’ਚ ਭੇਜ ਦਿੱਤਾ ਗਿਆ ਹੈ।