ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਲੂਸੀਆਨਾ ਦੇ ਦੋ ਸਵੱਛਤਾ ਕਰਮਚਾਰੀਆਂ ਨੇ ਆਪਣੀ ਬਹਾਦਰੀ ਅਤੇ ਅਕਲਮੰਦੀ ਦਿਖਾਉਂਦਿਆਂ ਇੱਕ 10 ਸਾਲ ਦੀ ਲੜਕੀ ਨੂੰ ਅਗਵਾ ਹੋਣ ਤੋਂ ਬਚਾਇਆ ਹੈ। ਇਹਨਾਂ ਕਾਮਿਆਂ ਦੇ ਇਸ ਕੰਮ ਲਈ ਉਹਨਾਂ ਦੀ ਨਾਇਕਾਂ ਵਜੋਂ ਸ਼ਲਾਘਾ ਕੀਤੀ ਜਾ ਰਹੀ ਹੈ । ਇਸ ਮਾਮਲੇ ਬਾਰੇ ਆਈਬੇਰੀਆ ਪੁਲਿਸ ਵਿਭਾਗ ਦੇ ਅਨੁਸਾਰ, ਜਾਲੀਸਾ ਲਾਸਲੇ(10) ਐਤਵਾਰ ਨੂੰ 1 ਤੋਂ 2 ਵਜੇ ਦੇ ਵਿਚਕਾਰ ਆਪਣੇ ਆਈਬੇਰੀਆ ਸਥਿਤ ਘਰ ਤੋਂ ਲਾਪਤਾ ਹੋ ਗਈ ਸੀ। ਜਿਸ ਤੇ ਕਰਵਾਈ ਕਰਦਿਆਂ ਜਾਂਚਕਰਤਾਵਾਂ ਨੇ ਇੱਕ ਸਲੇਟੀ ਰੰਗ ਦੀ ਨਿਸ਼ਾਨ ਕਾਰ ,ਜਿਸ ਕੋਲ ਜਾਲੀਸਾ ਨੂੰ ਆਖਰੀ ਵਾਰ ਵੇਖਿਆ ਗਿਆ ਸੀ, ਦੇ ਵੇਰਵੇ ਦੇ ਕੇ ਅੱਧੀ ਰਾਤ ਦੇ ਸਮੇਂ ਅਲਰਟ ਜਾਰੀ ਕੀਤਾ ਸੀ। ਜਦਕਿ ਪੇਲੀਕਨ ਵੇਸਟ ਐਂਡ ਡੈਬ੍ਰਿਸ ਕੰਪਨੀ ਦੇ ਦੋ ਕਾਮੇ ਡੀਓਨ ਮੇਰਿਕ ਅਤੇ ਬ੍ਰੈਂਡਨ ਐਂਟੋਇਨ ਜੋ ਕਿ ਕੂੜਾ ਚੁੱਕਣ ਲਈ ਆਪਣੇ ਰਾਹ ਤੇ ਸਨ ਨੇ ਸੋਮਵਾਰ ਦੀ ਸਵੇਰ ਸੇਂਟ ਮਾਰਟਿਨ ਪੈਰਿਸ਼ ਵਿੱਚ ਲੱਗਭਗ ਇੱੱਕ ਖੇਤ ਦੇ ਵਿਚਕਾਰ ਸਿਲਵਰ ਰੰਗ ਦੀ ਇੱਕ ਸੇਡਾਨ ਕਾਰ ਵੇਖੀ।
ਮੇਰਿਕ ਨੇ ਦੱਸਿਆ ਕਿ ਕਾਰ ਸੰਬੰਧੀ ਸ਼ੱਕ ਪੈਦਾ ਹੋਣ ਤੇ ਉਨ੍ਹਾਂ ਨੇ ਕਾਰ ਨੂੰ ਰੋਕਣ ਲਈ ਕੂੜੇ ਦੇ ਟਰੱਕ ਦੀ ਵਰਤੋਂ ਕੀਤੀ ਅਤੇ ਪੁਲਿਸ ਨੂੰ ਬੁਲਾਇਆ। ਜਿਸ ਉਪਰੰਤ ਪੁਲਿਸ ਅਧਿਕਾਰੀ ਵੱਲੋਂ ਕਾਰਵਾਈ ਕਰਦਿਆਂ , ਲੜਕੀ ਦੇ ਸੁਰੱਖਿਆਤ ਮਿਲਣ ਤੇ ਇਹਨਾਂ ਕਾਮਿਆਂ ਦੀ ਤਾਰੀਫ ਕੀਤੀ। ਪੇਲੀਕਨ ਦੇ ਸੀ ਈ ਓ ਰੋਡੀ ਮੈਥਰਨ ਨੇ ਵੀ ਇਸ ਕੰਮ ਲਈ ਆਪਣੇ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ। ਇਸ ਮਾਮਲੇ ਦਾ ਦੋਸ਼ੀ ਮਾਈਕਲ ਸੀਰੇਲ (33) ਲੜਕੀ ਦੇ ਪਰਿਵਾਰਕ ਮੈਂਬਰਾਂ ਵਿਚੋਂ ਇੱਕ ਦਾ ਜਾਣੂੰ ਦੱਸਿਆ ਜਾਂਦਾ ਹੈ ਅਤੇ ਆਨਲਾਈਨ ਜੇਲ੍ਹ ਰਿਕਾਰਡ ਦੇ ਅਨੁਸਾਰ, ਆਈਬੇਰੀਆ ਦੀ ਪੈਰਿਸ਼ ਜੇਲ੍ਹ ਵਿੱਚ ਬੰਦ ਹੈ। ਲੂਈਸਿਆਨਾ ਸਟੇਟ ਪੁਲਿਸ ਅਨੁਸਾਰ ਬੱਚੀ ਦਾ ਪਤਾ ਲੱਗਣ ਤੋਂ ਬਾਅਦ ਉਸ ਦਾ ਡਾਕਟਰੀ ਮੁਲਾਂਕਣ ਕੀਤਾ ਗਿਆ ਹੈ ਅਤੇ ਪੁਲਿਸ ਦੁਆਰਾ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।






















