ਡੈਮੋਕਰੈਟਸ ਨਾਲ ਰਾਹਤ ਪੈਕੇਜ਼ ਉਪਰ ਸਹਿਮਤੀ ਨਾ ਬਣਨ ਉਪਰੰਤ ਇਕਤਰਫ਼ਾ ਕੀਤੀ ਕਾਰਵਾਈ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਕੋਰੋਨਾ ਰਾਹਤ ਪੈਕੇਜ਼ ਬਾਰੇ ਡੈਮੋਕਰੈਟਸ ਨਾਲ ਸਹਿਮਤੀ ਨਾ ਬਣਨ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਤੌਰ ‘ਤੇ ਕਾਰਵਾਈ ਕਰਦਿਆਂ 4 ਵੱਖ ਵੱਖ ਆਦੇਸ਼ਾਂ ਉਪਰ ਦਸਤਖ਼ਤ ਕੀਤੇ। ਬੈਡਮਿਨਸਟਰ ਵਿਚ ਆਪਣੇ ਗੋਲਫ਼ ਰਿਜ਼ਾਰਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਨਾਂ ਆਦੇਸ਼ਾਂ ਤਹਿਤ 400 ਡਾਲਰ ਹਰ ਹਫ਼ਤੇ ਬੇਰੁਜ਼ਗਾਰੀ ਲਾਭ ਮਿਲੇਗਾ, ਕਿਰਾਏ ‘ਤੇ ਰਹਿੰਦੇ ਲੋਕਾਂ ਕੋਲੋਂ ਘਰ ਖਾਲ•ੀ ਨਹੀਂ ਕਰਵਾਇਆ ਜਾ ਸਕੇਗਾ, ਵਿਦਿਆਰਥੀਆਂ ਦੇ ਕਰਜੇ ਇਸ ਸਾਲ ਦੇ ਅੰਤ ਤੱਕ ਮੁਲਤਵੀ ਹੋ ਜਾਣਗੇ ਤੇ ਮਾਲਕਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ 1 ਲੱਖ ਡਾਲਰ ਪ੍ਰਤੀ ਸਾਲ ਤੋਂ ਘੱਟ ਕਮਾਉਣ ਵਾਲੇ ਅਮਰੀਕੀਆਂ ਦੇ ਕੁਝ ਵਿਸ਼ੇਸ਼ ਪੇਰੋਲ ਟੈਕਸ ਇਸ ਸਾਲ ਦੇ ਅੰਤ ਤੱਕ ਮੁਲਤਵੀ ਕਰ ਦੇਣ।
ਟਰੰਪ ਨੇ ਕਿਹਾ ਕਿ ਨਵੇਂ ਕੋਰੋਨਾ ਰਾਹਤ ਪੈਕੇਜ਼ ਬਾਰੇ ਡੈਮੋਕਰੈਟਸ ਨਾਲ ਦੋ ਹਫ਼ਤੇ ਚੱਲੀ ਗੱਲਬਾਤ ਫੇਲ ਹੋ ਜਾਣ ਕਾਰਨ ਉਨਾਂ ਨੇ ਆਪਣੇ ‘ਤੌਰ ‘ਤੇ ਇਹ ਨਿਰਨੇ ਲਏ ਹਨ ਤੇ ਉਹ ਅਮਰੀਕੀ ਕਾਮਿਆਂ ਨੂੰ ਰਾਹਤ ਦੇਣ ਜਾ ਰਹੇ ਹਨ। ਇਥੇ ਵਰਣਨਯੋਗ ਹੈ ਕਿ ਡੈਮੋਕਰੈਟਸ ਚਹੁੰਦੇ ਸਨ ਕਿ 3.4 ਖ਼ਰਬ ਡਾਲਰ ਦੀ ਰਾਹਤ ਯੋਜਨਾ ਬਣਾਈ ਜਾਵੇ ਪਰ ਰਿਪਬਲੀਕਨ 1.1 ਖ਼ਰਬ ਡਾਲਰ ਤੋਂ ਵਧ ਦੇਣ ਲਈ ਤਿਆਰ ਨਹੀਂ ਹੋਏ।

ਹਾਊਸ ਸਪੀਕਰ ਨੈਨਸੀ ਪੇਲੋਸੀ ਤੇ ਸੈਨੇਟ ਦੇ ਘੱਟ ਗਿਣਤੀਆਂ ਬਾਰੇ ਆਗੂ ਚੁੱਕ ਸ਼ੂਮਰ ਨੇ ਖਜ਼ਾਨਾ ਸਕੱਤਰ ਸਟੀਵਨ ਮਨੂਚਿਨ ਤੇ ਵਾਈਟ ਹਾਊਸ ਮੁੱਖੀ ਸਟਾਫ ਮਾਰਕ ਮੀਡੋਜ ਨਾਲ ਰਾਹਤ ਪੈਕੇਜ਼ ਬਾਰੇ ਸਾਂਝੀ ਰਾਏ ਬਣਾਉਣ ਲਈ ਆਖਰੀ ਕੋਸ਼ਿਸ਼ ਵਜੋਂ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ ਪਰ ਗੱਲਬਾਤ ਕਿਸੇ ਤਣ ਪੱਤਣ ਨਾ ਲੱਗੀ। ਦੋਨਾਂ ਧਿਰਾਂ ਨੇ ਮੰਨਿਆ ਕਿ 2 ਘੰਟੇ ਤੋਂ ਵਧ ਸਮਾਂ ਹੋਈ ਗੱਲਬਾਤ ਦਾ ਕੋਈ ਨਤੀਜ਼ਾ ਨਹੀਂ ਨਿਕਲ ਸਕਿਆ। ਗੱਲਬਾਤ ਉਪਰੰਤ ਖਜ਼ਾਨਾ ਸਕੱਤਰ ਮਨੂਚਿਨ ਨੇ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਨੂੰ ਆਪਣੇ ਤੌਰ ‘ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕਰਨਗੇ ਹਾਲਾਂ ਕਿ ਡੈਮੋਕਰੈਟਸ ਨੇ ਕਿਹਾ ਸੀ ਕਿ ਰਾਸ਼ਟਰਪਤੀ ਨੂੰ ਇਕਤਰਫ਼ਾ ਫੈਸਲਾ ਲੈਣ ਦਾ ਕਾਨੂੰਨੀ ਅਧਿਕਾਰ ਨਹੀਂ ਹੈ ਤੇ ਨਾ ਹੀ ਸੰਘੀ ਬਜ਼ਟ ਵਿਚ ਲੋੜੀਂਦਾ ਪੈਸਾ ਹੈ। ਇਥੇ ਵਰਣਨਯੋਗ ਹੈ ਕਿ ਪਹਿਲਾਂ ਹਰ ਹਫ਼ਤੇ 600 ਡਾਲਰ ਬੇਰੁਜ਼ਗਾਰੀ ਲਾਭ ਮਿਲਦਾ ਸੀ ਜੋ ਜੁਲਾਈ ਵਿਚ ਖਤਮ ਹੋ ਗਿਆ ਹੈ।






















