ਹਾਰ ਜਾਣ ਦੀ ਸਥਿੱਤੀ ਵਿਚ ਟਰੰਪ ਆਸਾਨੀ ਨਾਲ ਸੱਤਾ ਤੋਂ ਲਾਂਭੇ ਨਹੀਂ ਹੋਵੇਗਾ-ਹਿਲੇਰੀ ਕਲਿੰਟਨ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਤੇ ਫਸਟ ਲੇਡੀ ਹਿਲੇਰੀ ਕਲਿੰਟਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਨਵੰਬਰ 2020 ਦੀਆਂ ਚੋਣਾਂ ਵਿਚ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰ ਜਾਂਦਾ ਹੈ ਤਾਂ ਉਹ ਚੁੱਪ ਚਾਪ ਸੱਤਾ ਛੱਡਕੇ ਲਾਂਭੇ ਨਹੀਂ ਹੋਵੇਗਾ ਤੇ ਉਹ ਸੱਤਾ ਉਪਰ ਬਣੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਉਨਾਂ 19 ਵੇਂ ਪ੍ਰਤੀਨਿੱਧਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ” ਮੈ ਲੋਕਾਂ ਵਿਚ ਦਹਿਸ਼ਤ ਨਹੀਂ ਪੈਦਾ ਕਰਨਾ ਚਹੁੰਦੀ ਪਰ ਮੈ ਚਹੁੰਦੀ ਹਾਂ ਤੁਸੀਂ ਤਿਆਰ ਹੋ ਜਾਵੋ।

ਮੇਰੇ ਕੋਲ ਉਹ ਹਰ ਕਾਰਨ ਮੌਜੂਦਾ ਹੈ ਜੋ ਇਸ ਵਿਸ਼ਵਾਸ਼ ਨੂੰ ਯਕੀਨੀ ਬਣਾਉਂਦਾ ਹੈ ਕਿ ਚੋਣ ਹਾਰ ਜਾਣ ਦੀ ਹਾਲਤ ਵਿਚ ਟਰੰਪ ਚੁੱਪਚਾਪ ਸਭ ਕੁਝ ਛੱਡਕੇ ਤੁਰ ਜਾਣਾ ਵਾਲਾ ਨਹੀਂ ਹੈ।” ਉਨਾਂ ਅੱਗੇ ਕਿਹਾ ” ਉਹ ਸਾਨੂੰ ਭੰਬਲਭੂਸੇ ਵਿਚ ਪਾਉਣ ਦੇ ਯਤਨ ਵਿਚ ਹੈ। ਉਹ ਹਰ ਤਰਾਂ ਦੀਆਂ ਪਟੀਸ਼ਨਾਂ ਲਿਆਉਣ ਦੀ ਕੋਸ਼ਿਸ਼ ਕਰੇਗਾ। ਉਸ ਨੇ ਆਪਣੇ ਪੱਕੇ ਮਿੱਤਰ ਅਟਾਰਨੀ ਜਨਰਲ ਵਿਲੀਅਮ ਬਾੜ ਨੂੰ ਉਹ ਸਭ ਕੁਝ ਕਰਨ ਲਈ ਤਿਆਰ ਰਹਿਣ ਵਾਸਤੇ ਕਿਹਾ ਹੈ ਜੋ ਜਰੂਰੀ ਹੋਵੇਗਾ।” ਡੈਮੋਕਰੈਟਸ ਪਹਿਲਾਂ ਵੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਟਰੰਪ ਚੋਣਾਂ ਦੀ ਜਾਇਜ਼ਤਾ ‘ਤੇ ਸਵਾਲ ਖੜੇ ਕਰ ਸਕਦਾ ਹੈ। ਉਹ ਡਾਕ ਰਾਹੀਂ ਵੋਟਾਂ ਪਾਏ ਜਾਣ ਉਪਰ ਇਤਰਾਜ ਕਰ ਚੁੱਕਾ ਹੈ ਤੇ ਉਸ ਨੇ ਡਾਕ ਰਾਹੀਂ ਵੋਟਾਂ ਨੂੰ ਵੱਡਾ ਧੋਖਾ ਕਰਾਰਾ ਦਿੱਤਾ ਸੀ। ਟਰੰਪ ਇਥੋਂ ਤੱਕ ਵੀ ਕਹਿ ਚੁੱਕਾ ਹੈ ਕਿ ਜੇਕਰ ਉਹ ਸਮਝੇਗਾ ਕਿ ਚੋਣਾਂ ਸੰਦੇਹਪੂਰਨ ਹਨ ਤਾਂ ਉਹ ਅਹੁੱਦਾ ਨਹੀਂ ਛੱਡੇਗਾ। ਹਿਲੇਰੀ ਨੇ ਹੋਰ ਕਿਹਾ ਕਿ ਜੇਕਰ ਜੋਇ ਬਿਡੇਨ ਜਿੱਤਦੇ ਹਨ ਤਾਂ ਉਹ ਉਨਾਂ ਦੀ ਕੈਬਨਿਟ ਵਿਚ ਕੰਮ ਕਰਨ ਲਈ ਤਿਆਰ ਹਨ ਪਰ ਉਹ ਇਸ ਨੂੰ ਵਧੇਰੇ ਅਹਿਮੀਅਤ ਨਹੀਂ ਦਿੰਦੀ ਤੇ ਇਸ ਸਮੇਂ ਪੂਰਾ ਧਿਆਨ ਚੋਣ ਉਪਰ ਕੇਂਦ੍ਰਿਤ ਹੈ।

Share This :

Leave a Reply