ਫਰਿਜ਼ਨੋ ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹੁਣ ਜਾਰਜੀਆ ‘ਚ ਸੈਨੇਟ ਚੋਣਾਂ ਦਾ ਮਾਹੌਲ ਗਰਮ ਹੈ।ਰਾਸ਼ਟਰਪਤੀ ਟਰੰਪ ਦੁਆਰਾ ਸੋਮਵਾਰ ਦੀ ਰਾਤ ਨੂੰ ਜਾਰਜੀਆ ਵਿੱਚ ਸੈਨੇਟ ਦੀਆਂ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰਾਂ ਲਈ ਕੀਤੀ ਗਈ ਰੈਲੀ ਵਿੱਚ,ਆਪਣੀਆਂ ਚੋਣ ‘ਤੇ ਵੀ ਧਿਆਨ ਕੇਂਦਰਿਤ ਕਰਦਿਆਂ ਆਪਣੇ ਚੋਣਾਂ ਸੰਬੰਧੀ ਬੇ ਬੁਨਿਆਦ ਦਾਅਵਿਆਂ ਨੂੰ ਪੇਸ਼ ਕੀਤਾ।ਇਸ ਇੱਕ ਘੰਟਾ ਅਤੇ 20 ਮਿੰਟ ਦੀ ਰੈਲੀ ਦੌਰਾਨ, ਰਾਸ਼ਟਰਪਤੀ ਨੇ ਚੋਣ ਨਤੀਜਿਆਂ ਸੰਬੰਧੀ ਧੋਖਾਧੜੀ ਦੇ ਝੂਠੇ ਦਾਅਵਿਆਂ ਨੂੰ ਦੁਹਰਾਇਆ ਅਤੇ ਕਿਹਾ ਕਿ ਉਸਨੇ ਜਾਰਜੀਆ ਅਤੇ ਰਾਸ਼ਟਰਪਤੀ ਦੀ ਚੋਣ ਜਿੱਤੀ ਹੈ।
ਇਸਦੇ ਨਾਲ ਹੀ ਇਸ ਹਫਤੇ ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਮੌਕੇ ਉਪ-ਰਾਸ਼ਟਰਪਤੀ ਮਾਈਕ ਪੇਂਸ ਨੂੰ ਉਹਨਾਂ ਦੇ ਹੱਕ ਵਿੱਚ ਆਉਣ ਦੀ ਉਮੀਦ ਵੀ ਪ੍ਰਗਟਾਈ। ਜਾਰਜੀਆ ਦੀਆਂ ਇਹ ਰਨ ਆਫ ਚੋਣਾਂ ਇਹ ਤੈਅ ਕਰਨਗੀਆਂ ਕਿ ਕਿਹੜੀ ਪਾਰਟੀ ਸੈਨੇਟ ਨੂੰ ਕੰਟਰੋਲ ਕਰਦੀ ਹੈ। ਰਿਪਬਲਿਕਨ ਚੈਂਬਰ ‘ਤੇ ਆਪਣੀ ਪਕੜ ਬਰਕਰਾਰ ਰੱਖ ਸਕਦੇ ਹਨ ਜੇਕਰ ਉਨ੍ਹਾਂ ਦੇ ਉਮੀਦਵਾਰਾਂ ਵਿਚੋਂ ਸਿਰਫ ਇੱਕ ਜਿੱਤ ਜਾਂਦਾ ਹੈ, ਜਦੋਂ ਕਿ ਡੈਮੋਕਰੇਟਸ ਵੱਲੋਂ 50-50 ਦੀ ਵੰਡ ਨੂੰ ਪ੍ਰਾਪਤ ਕਰਨ ਲਈ ਇਸਦੇ ਦੋਵਾਂ ਉਮੀਦਵਾਰਾਂ ਨੂੰ ਜਿੱਤਣ ਦੀ ਜ਼ਰੂਰਤ ਹੈ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਉਸਦੇ ਸਹਿਯੋਗੀ ਲੜਦੇ ਰਹਿਣਗੇ, ਅਤੇ ਨਾਲ ਹੀ ਡੈਮੋਕਰੇਟਸ ਵੱਲੋਂ ਵ੍ਹਾਈਟ ਹਾਊਸ ਨਾਂ ਲੈਣ ਦੀ ਗੱਲ ਵੀ ਕਹੀ ਜਦਕਿ ਜੋਅ ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਬਣ ਜਾਣਗੇ। ਇਹਨਾਂ ਚੋਣਾਂ ਵਿੱਚ ਰਿਪਬਲਿਕਨ ਡੇਵਿਡ ਪਰਡਿਊ ਨੇ ਆਪਣੇ ਡੈਮੋਕਰੇਟਿਕ ਵਿਰੋਧੀ ਜੋਨ ਓਸੌਫ ਤੋਂ 80,000 ਤੋਂ ਵੱਧ ਵੋਟਾਂ ਲਈਆਂ ਹਨ, ਪਰ ਉਹ ਰਨ ਆਫ ਤੋਂ ਬਚਣ ਲਈ ਜਰੂਰੀ 50% ਵੋਟਾਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ ਜਦਕਿ ਦੂਸਰੀ ਦੌੜ ਵਿੱਚ ਡੈਮੋਕਰੇਟਿਕ ਰਾਫੇਲ ਵਾਰਨੌਕ ਨੂੰ ਸਭ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ, ਪਰ ਪ੍ਰਮੁੱਖ ਰਿਪਬਲਿਕਨ ਕੈਲੀ ਲੋਫਲਰ ਅਤੇ ਕਾਂਗ੍ਰੇਸਮੈਨ ਡੱਗ ਕੋਲਿਨਜ਼ ਨੂੰ ਇਕੱਠੇ ਰੂਪ ਵਿੱਚ ਉਸ ਨਾਲੋਂ ਵਧੇਰੇ ਵੋਟਾਂ ਪ੍ਰਾਪਤ ਹੋਈਆਂ ਹਨ।ਟਰੰਪ ਦੇ ਇਲਾਵਾ ਬਾਈਡੇਨ ਨੇ ਵੀ ਸੋਮਵਾਰ ਨੂੰ ਉਮੀਦਵਾਰਾਂ ਓਸੌਫ ਅਤੇ ਵਾਰਨੌਕ ਲਈ ਅਟਲਾਂਟਾ ਵਿੱਚ ਅਤੇ ਕਮਲਾ ਹੈਰਿਸ ਨੇ ਐਤਵਾਰ ਨੂੰ ਜਾਰਜੀਆ ਵਿੱਚ ਚੋਣ ਮੁਹਿੰਮ ਕੀਤੀ।






















