ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਨਵੰਬਰ ਚੋਣਾਂ ਲਈ ਡੈਮੋਕਰੈਟਸ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਵਿਗਿਆਨੀਆਂ ਦੀ ਸਲਾਹ ‘ਤੇ ਪੂਰੇ ਅਮਰੀਕਾ ਵਿਚ ਮੁਕੰਮਲ ਤਾਲਾਬੰਦੀ ਲਾਗੂ ਕਰ ਦਿੱਤੀ ਜਾਵੇਗੀ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੇ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਦਾ ਦੂਸਰਾ ਦੌਰ ਸ਼ੁਰੂ ਹੋ ਸਕਦਾ ਹੈ।
ਮੈ ਵਿਗਿਆਨੀਆਂ ਦੀ ਸੁਣਾਂਗਾ ਤੇ ਉਨਾਂ ਦੇ ਕਹਿਣ ‘ਤੇ ਪੂਰੇ ਦੇਸ਼ ਵਿਚ ਫਿਰ ਤੋਂ ਤਾਲਾਬੰਦੀ ਕੀਤੀ ਜਾਵੇਗੀ। ਬਿਡੇਨ ਨੇ ਕਿਹਾ ਕਿ ਅਮਰੀਕੀਆਂ ਦੀਆਂ ਜਾਨਾਂ ਬਚਾਉਣ ਲਈ ਜੋ ਵੀ ਸੰਭਵ ਹੋਇਆ ਉਹ ਕਰੇਗਾ ਕਿਉਂਕਿ ਜਦੋਂ ਤੱਕ ਅਸੀਂ ਵਾਇਰਸ ਨੂੰ ਕਾਬੂ ਵਿਚ ਨਹੀਂ ਕਰ ਲੈਂਦੇ , ਦੇਸ਼ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ। ਉਨਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਕੋਰੋਨਾ ਮਹਾਮਾਰੀ ਨਾਲ ਨਜਿੱਠਣ ‘ਚ ਅਸਫਲ ਰਿਹਾ ਹੈ ਜੋ ਹੁਣ ਤੱਕ 1,80,000 ਤੋਂ ਵਧ ਜਾਨਾਂ ਲੈ ਚੁੱਕੀ ਹੈ। ਟਰੰਪ ਪ੍ਰਸ਼ਾਸਨ ਦੀਆਂ ਤਰੁੱਟੀਆਂ ਨੇ ਕੋਰੋਨਾ ਨੂੰ ਫੈਲਣ ਦਾ ਮੌਕਾ ਦਿੱਤਾ। ਬਿਡੇਨ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਅੱਗੇ ਵਧੇ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ ਇਸ ਵਾਸਤੇ ਜਰੂਰੀ ਹੈ ਕਿ ਪਹਿਲਾਂ ਕੋਰੋਨਾ ਵਾਇਰਸ ਨੂੰ ਨੱਥ ਪਾਈ ਜਾਵੇ। ਇਸ ਮੌਕੇ ਉਪ ਰਾਸ਼ਟਰਪਤੀ ਦੇ ਅਹੁੱਦੇ ਲਈ ਡੈਮੋਕਰੈਟਸ ਉਮੀਦਵਾਰ ਕਮਲਾ ਹੈਰਿਸ ਵੀ ਹਾਜਰ ਸਨ ।