ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਏ ਰੱਖਣ ਲਈ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜ਼ਿਲੇ ਦੀ ਹੱਦ ਅੰਦਰ ਆਮ ਜਨਤਾ ਵੱਲੋਂ ਹਰ ਕਿਸਮ ਦੇ ਹਥਿਆਰ, ਅਗਨ ਸ਼ਸਤਰ, ਅਸਲਾ, ਵਿਸਫੋਟਕ, ਜਲਣਸ਼ੀਲ ਚੀਜ਼ਾਂ ਅਤੇ ਤੇਜ਼ ਹਥਿਆਰਾਂ, ਜਿਨ੍ਹਾਂ ਵਿਚ ਟਕੂਏ, ਬਰਛੇ, ਤਿ੍ਰਛੂਲ ਆਦਿ ਸ਼ਾਮਲ ਹਨ, ਨੂੰ ਲੈ ਕੇ ਚੱਲਣ ਅਤੇ ਪਾਸ ਰੱਖਣ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਰਾਜ ਚੋਣ ਕਮਿਸ਼ਨ, ਪੰਜਾਬ ਚੰਡੀਗੜ ਵੱਲੋਂ ਐਲਾਨੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਰਾਜ ਵਿਚ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਮਿਤੀ 14 ਫਰਵਰੀ 2021 ਨੂੰ ਕਰਵਾਈਆਂ ਜਾ ਰਹੀਆਂ ਹਨ। ਇਹ ਆਮ ਵੇਖਣ ਵਿਚ ਆਇਆ ਹੈ ਕਿ ਚੋਣਾਂ ਦੌਰਾਨ ਲੜਾਈ-ਝਗੜੇ ਹੋਣ ਦਾ ਅੰਦੇਸ਼ਾ ਬਣਿਆ ਰਹਿੰਦਾ ਹੈ। ਚੋਣਾਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਅਸਲਾ ਧਾਰੀਆਂ ਪਾਸੋਂ ਉਨਾਂ ਦੇ ਅਸਲੇ ਨੂੰ ਜਮਾਂ ਕਰਵਾਉਣ ਅਤਿ ਜ਼ਰੂਰੀ ਹੈ ਤਾਂ ਜੋ ਕਿਸੇ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰ ਸਕੇ। ਇਸ ਲਈ ਜ਼ਿਲਾ ਮੈਜਿਸਟ੍ਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਨਾਂ ਵਿਅਕਤੀਆਂ ਪਾਸ ਲਾਇਸੰਸੀ ਅਸਲਾ ਹੈ, ਉਹ ਆਪਣਾ ਅਸਲਾ ਲੋਕਲ ਥਾਣੇ ਵਿਚ ਜਾਂ ਲਾਇਸੰਸੀ ਅਸਲਾ ਡੀਲਰਾਂ ਪਾਸ ਤੁਰੰਤ ਜਮਾਂ ਕਰਵਾਉਣ। ਇਹ ਹੁਕਮ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਇਹ ਹੁਕਮ ਆਰਮੀ ਪਰਸਨਲ, ਪੈਰਾ ਮਿਲਟਰੀ ਫੋਰਸਜ਼, ਬਾਵਰਦੀ ਪੁਲਿਸ ਕਰਮਚਾਰੀਆਂ, ਜਿਨਾਂ ਨੂੰ ਕਾਨੂੰਨੀ ਤੌਰ ’ਤੇ ਰੀਤੀ ਰਿਵਾਜਾਂ ਕਾਰਨ ਹਥਿਆਰ ਰੱਖਣ ਦੇ ਅਧਿਕਾਰ ਹਨ, ’ਤੇ ਲਾਗੂ ਨਹੀਂ ਹੋਣਗੇ।






















