ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– 3 ਵਿਅਕਤੀ ਜਿਨਾਂ ਨੇ ਹਾਲ ਹੀ ਵਿਚ ਡੈਲਟਾ ਏਅਰ ਲਾਈਨਜ਼ ਦੀ ਉਡਾਨ ਵਿਚ ਸਫਰ ਕੀਤਾ ਸੀ, ਕੋਰੋਨਾ ਪੀੜਤ ਪਾਏ ਗਏ ਹਨ। ਏਅਰ ਲਾਈਨਜ਼ ਦੇ ਬੁਲਾਰੇ ਕੇਟ ਮੁਡੋਲੋ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ 3 ਯਾਤਰੀਆਂ ਦੇ ਪਾਜ਼ਟਿਵ ਆਉਣ ਤੋਂ ਬਾਅਦ ਅਸੀਂ ਚੌਕਸ ਹੋ ਗਏ ਹਾਂ। ਇਨਾਂ ਯਾਤਰੀਆਂ ਨੇ ਐਟਲਾਂਟਾ ਤੋਂ ਅਲਬਾਨੀ ਤੱਕ ਸਫ਼ਰ ਕੀਤਾ ਸੀ।
ਜਹਾਜ਼ ਵਿਚ ਕੁਲ 44 ਯਾਤਰੀ ਸਵਾਰ ਸਨ। ਮੁਡੋਲੋ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਸਾਡੀ ਉੱਚ ਤਰਜੀਹ ਹੈ। ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲਕੇ ਕੰਮ ਕਰ ਰਹੇ ਹਾਂ ਤੇ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ ਦੀਆਂ ਹਦਾਇਤਾਂ ਉਪਰ ਅਮਲ ਕਰ ਰਹੇ ਹਾਂ। ਏਅਰ ਲਾਈਨਜ਼ ਨੇ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਕਾਊਂਟੀ ਦੇ ਸਿਹਤ ਵਿਭਾਗ ਨਾਲ ਸੰਪਰਕ ਕਰਨ।