ਖੰਨਾ (ਪਰਮਜੀਤ ਸਿੰਘ ਧੀਮਾਨ) – ਅੱਜ ਇੱਥੇ ਅੰਤਰ-ਰਾਸ਼ਟਰੀ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਪਰਿਵਾਰ ਵੱਲੋਂ ਕੁੱਝ ਲੋਕਾਂ ਤੋਂ ਉਨ੍ਹਾਂ ਦੇ ਨਾਂਅ ’ਤੇ ਨਜਾਇਜ਼ ਉਗਰਾਹੀ ਕੀਤੇ ਜਾਣ ਦੇ ਦੋਸ਼ ਲਾਏ ਗਏ। ਫ਼ਿਲਹਾਲ ਪਰਿਵਾਰ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਨਾਮਵਰ ਗਾਇਕਾ ਤੇ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੇ ਕਿਹਾ ਕਿ ਜੇਕਰ ਉਹ ਲੋਕ ਅਜਿਹੀਆਂ ਹਰਕਤਾਂ ਤੋਂ ਬਾਜ ਨਾ ਆਏ ਤਾਂ ਜਲਦ ਹੀ ਉਨ੍ਹਾਂ ਦੀ ਪਹਿਚਾਣ ਮੀਡੀਆ ਦੇ ਸਮਾਜ ਸਾਹਮਣੇ ਰੱਖੀ ਜਾਵੇਗੀ। ਇਸ ਮੌਕੇ ਅਮਰ ਨੂਰੀ ਤੇ ਉਨ੍ਹਾਂ ਦੇ ਸਪੁੱਤਰ ਅਲਾਪ ਸਿਕੰਦਰ ਤੇ ਨਾਰੰਗ ਸਿਕੰਦਰ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਹਨ ਕਿ ਕੁੱਝ ਲੋਕ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਖ਼ਰਾਬ ਹੋਣ ਦੀ ਗੱਲ ਕਹਿ ਕੇ ਲੋਕਾਂ ਤੋਂ ਪੈਸਾ ਇੱਕਠਾ ਕਰ ਰਹੇ ਹਨ।
ਨੂਰੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਕੋਲ ਲੋਕਾਂ ਤੋਂ ਕਮਾਇਆ ਹੋਇਆ ਪਿਆਰ ਹੈ, ਸਰਦੂਲ ਦੀ ਮੌਤ ਤੋਂ ਬਾਅਦ ਪੂਰੀ ਦੁਨੀਆਂ ਨੇ ਵੀ ਉਹ ਪਿਆਰ ਅਤੇ ਲਗਾਅ ਦੇਖਿਆ, ਪਰ ਸ਼ਰਮ ਇਸ ਗੱਲ ਨੂੰ ਲੈ ਕੇ ਹੈ ਕਿ ਕੁੱਝ ਲੋਕ ਉਨ੍ਹਾਂ ਦੇ ਪਰਿਵਾਰ ’ਤੇ ਆਈ ਬਿਪਤਾ ਨੂੰ ਵੀ ਕੈਸ਼ ਕਰਨਾ ਚਾਹੁੰਦੇ ਹਨ। ਅਮਰ ਨੂਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਨੂੰ ਸਿਰੇ ਤੋਂ ਨਕਾਰ ਦੇਣ ਫ਼ਿਰ ਚਾਹੇ ਉਨ੍ਹਾਂ ਦਾ ਕੋਈ ਨਜ਼ਦੀਕੀ ਹੀ ਕਿਉਂ ਨਾ ਆਵੇ, ਕਿਸੇ ਨੂੰ ਇਕ ਪੈਸਾ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਵਿੱਤੀ ਹਾਲਤ ਬਿਲਕੁੱਲ ਠੀਕ ਹੈ ਅਤੇ ਸਰਦੂਲ ਉਨ੍ਹਾਂ ਲਈ ਬਹੁਤ ਕੁੱਝ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ ’ਤੇ ਉਗਰਾਹੀਂ ਕਰਨ ਵਾਲਿਆਂ ਦੇ ਨਾਂਅ ਦਾ ਖੁਲਾਸਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।






















