ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋਅ ਬਿਡੇਨ ਦੀ ਦਿਮਾਗੀ ਤੰਦਰੁਸਤੀ ਉਪਰ ਕੀਤੇ ਗਏ ਹਮਲੇ ਵੋਟਰਾਂ ਨੂੰ ਰਾਸ ਨਹੀਂ ਆ ਰਹੇ ਤੇ ਇਕ ਤਾਜ਼ਾ ਸਰਵੇ ਵਿਚ ਵੋਟਰਾਂ ਨੇ ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੈਟਿਕ ਉਮੀਦਵਾਰ ਬਿਡੇਨ ਨੂੰ ਦਿਮਾਗੀ ਤੌਰ ‘ਤੇ ਪੂਰੀ ਤਰਾਂ ਫਿੱਟ ਕਰਾਰ ਦਿੱਤਾ ਹੈ। ”ਫੌਕਸ ਨਿਊਜ਼” ਦੇ ਤਾਜ਼ਾ ਸਰਵੇ ਅਨੁਸਾਰ 47% ਵੋਟਰਾਂ ਨੇ ਕਿਹਾ ਹੈ ਕਿ ਬਿਡੇਨ ਦੀ ਦਿਮਾਗੀ ਤੰਦਰੁਸਤੀ ਮੁੰਕਮਲ ਰੂਪ ਵਿਚ ਕਾਇਮ ਹੈ ਤੇ ਉਹ ਪ੍ਰਭਾਵੀ ਤਰੀਕੇ ਨਾਲ ਰਾਸ਼ਟਰਪਤੀ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਸਮਰਥ ਹਨ ।
39% ਨੇ ਬਿਡੇਨ ਦੇ ਵਿਰੁੱਧ ਵੋਟ ਪਾਈ ਹੈ। ਬਾਕੀ ਨੇ ਕਿਹਾ ਕਿ ਉਹ ਕੁਝ ਨਹੀਂ ਜਾਣਦੇ। ਟਰੰਪ ਦੇ ਹੱਕ ਵਿਚ 43% ਵੋਟਰ ਭੁਗਤੇ ਜਦ ਕਿ ਅਧਿਉਂ ਵਧ 51% ਨੇ ਉਸ ਨੂੰ ਅਯੋਗ ਕਰਾਰ ਦਿੱਤਾ। ਏਜੰਸੀ ਨੇ 12 ਤੋਂ 15 ਜੁਲਾਈ ਤੱਕ ਫੋਨ ਉਪਰ ਸਿੱਧਾ ਸਰਵੇ ਕੀਤਾ ਤੇ 1104 ਰਜਿਸਟਰਡ ਵੋਟਰਾਂ ਦੀ ਰਾਏ ਲਈ।
ਵੋਟਰਾਂ ਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਜੇਕਰ ਅੱਜ ਵੋਟਾਂ ਪੈਂਦੀਆਂ ਹਨ ਤਾਂ ਉਹ ਕਿਸ ਨੂੰ ਵੋਟ ਦੇਣਗੇ। 49% ਨੇ ਬਿਡੇਨ ਦੇ ਹੱਕ ਵਿਚ ਵੋਟ ਪਾਉਣ ਦੀ ਗੱਲ ਕਹੀ ਜਦ ਕਿ 41% ਨੇ ਟਰੰਪ ਨੂੰ ਤਰਜੀਹ ਦਿੱਤੀ। ਟਰੰਪ ਸਮੇਤ ਹੋਰ ਰਿਪਬਲੀਕਨ ਆਗੂ ਅਕਸਰ ਕਹਿੰਦੇ ਰਹਿੰਦੇ ਹਨ ਕਿ ਬਿਡੇਨ ਰਾਸ਼ਟਰਪਤੀ ਅਹੁੱਦੇ ਦੇ ਫਿੱਟ ਨਹੀਂ ਹੈ ਕਿਉਂਕਿ ਇਹ ਦਿਮਾਗੀ ਤੌਰ ‘ਤੇ ਕਮਜੋਰ ਹੋ ਚੁੱਕਾ ਹੈ। ਦੂਸਰੇ ਪਾਸੇ ਡੈਮੋਕੈਰਟਸ ਦਾ ਕਹਿਣਾ ਹੈ ਕਿ ਦਰਅਸਲ ਟਰੰਪ ਰਾਸ਼ਟਰਪਤੀ ਅਹੁੱਦੇ ‘ਦੇ ਯੋਗ ਨਹੀਂ ਹਨ।