ਤਹਿਸੀਲ ਦਫ਼ਤਰ ਬਲਾਚੌਰ ਸ਼ੁੱਕਰਵਾਰ ਤੱਕ ਬੰਦ
ਰੋਗਾਣੂ ਮੁਕਤ ਕਰਨ ਬਾਅਦ ਹੀ ਖੋਲ੍ਹਿਆ ਜਾਵੇਗਾ ਦੁਬਾਰਾ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹੇ ਚ ਅੱਜ ਵਿਦੇਸ਼ ਤੋਂ ਆਏ ਦੋ ਵਿਅਕਤੀਆਂ ਸਮੇਤ ਤਿੰਨ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਪਾਈ ਗਈ। ਇਨ੍ਹਾਂ ਪਾਜ਼ਿਟਿਵ ਕੇਸਾਂ ਚ ਬਲਾਚੌਰ ਵਿਖੇ ਤਾਇਨਾਤ ਤਹਿਸੀਲਦਾਰ ਚੇਤਨ ਬੰਗੜ ਵੀ ਸ਼ਾਮਿਲ ਹਨ। ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਚੋਂ ਵਿਦੇਸ਼ ਚੋਂ ਆਏ ਦੋਵੇਂ ਵਿਅਕਤੀ ਰਾਇਤ ਕੈੰਪਸ ਵਿਖੇ ਡਿਊਟੀ ਇਕਾਂਤਵਾਸ ਕੀਤੇ ਹੋਏ ਸਨ। ਉਨ੍ਹਾਂ ਦੱਸਿਆ ਕਿ ਕਲ੍ਹ ਦੇਰ ਰਾਤ 88 ਰਿਪੋਰਟਾਂ ਆਈਆਂ ਜਦਕਿ ਅੱਜ ਸ਼ਾਮ ਆਈਆਂ 15 ਰਿਪੋਰਟਾਂ ਚੋਂ ਉਕਤ ਤਿੰਨ ਕੇਸ ਪਾਜ਼ਿਟਿਵ ਪਾਏ ਗਏ। ਡਾਕਟਰ ਭਾਟੀਆ ਅਨੁਸਾਰ ਅੱਜ ਆਏ ਤਿੰਨ ਪਾਜ਼ਿਟਿਵ ਮਾਮਲਿਆਂ ਚੋਂ ਇਕ ਚੰਡੀਗੜ੍ਹ ਚ ਗਿਣਿਆ ਜਾਵੇਗਾ ਅਤੇ ਬਾਕੀ ਦੋ ਜ਼ਿਲ੍ਹੇ ਦੀ ਪਾਜ਼ਿਟਿਵ ਸੂਚੀ ਚ ਸ਼ਾਮਿਲ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਤੋ ਇਕ ਮਰੀਜ਼ ਨੂੰ ਸਿਹਤਯਾਬੀ ਬਾਅਦ ਇੱਕ ਹਫ਼ਤੇ ਦੇ ਘਰੇਲੂ ਇਕਾਂਤਵਾਸ ਚ ਭੇਜਣ ਬਾਅਦ ਹੁਣ ਜ਼ਿਲ੍ਹੇ ਚ ਕੁਲ 37 ਐਕਟਿਵ ਕੇਸ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਚ 177 ਪਾਜ਼ਿਟਿਵ ਮਾਮਲੇ ਆਏ ਹਨ, ਜਿਨ੍ਹਾਂ ਚੋਂ ਇਕ ਵਿਅਕਤੀ ਦੀ ਸ਼ੁਰੂਆਤ ਚ ਹੀ ਮੌਤ ਹੋ ਗਈ ਸੀ ਜਦਕਿ 139 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਜਗਦੀਪ ਨੇ ਦੱਸਿਆ ਕਿ ਹੁਣ ਤੱਕ 11516 ਸੈਂਪਲ ਲਏ ਗਏ ਹਨ, ਜਿਨ੍ਹਾਂ ਚੋਂ 10856 ਨੈਗੇਟਿਵ ਆਏ ਹਨ ਜਦਕਿ ਅੱਜ ਲਏ ਗਏ 240 ਸੈਂਪਲਾਂ ਸਮੇਤ 436 ਦੀ ਰਿਪੋਰਟ ਬਕਾਇਆ ਹੈ।
ਓੁੱਧਰ ਬਲਾਚੌਰ ਦੇ ਐੱਸ ਡੀ ਐਮ ਬਲਾਚੌਰ ਜਸਬੀਰ ਸਿੰਘ ਨੇ ਬਲਾਚੌਰ ਦੇ ਤਹਿਸੀਲਦਾਰ ਚੇਤਨ ਬੰਗੜ ਦਾ ਅੱਜ ਟੈਸਟ ਪਾਜ਼ਿਟਿਵ ਆਉਣ ਬਾਅਦ ਤਹਿਸੀਲ ਦਫ਼ਤਰ ਬਲਾਚੌਰ ਨੂੰ ਸ਼ੁੱਕਰਵਾਰ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਅੱਜ ਦੇਰ ਸ਼ਾਮ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾਕਟਰ ਸ਼ੇਨਾ ਅਗਰਵਾਲ ਦੇ ਨਿਰਦੇਸ਼ਾਂ ਮੁਤਾਬਕ ਸਮੁੱਚੇ ਤਹਿਸੀਲ ਦਫ਼ਤਰ ਨੂੰ ਰੋਗਾਣੂ ਮੁਕਤ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹਤਿਆਤ ਦੇ ਤੌਰ ਤੇ ਉਨ੍ਹਾਂ ਨੇ (ਐੱਸ ਡੀ ਐਮ ਬਲਾਚੌਰ ਜਸਬੀਰ ਸਿੰਘ) ਵੀ ਆਪਣੇ ਆਪ ਨੂੰ ਇਕਾਂਤਵਾਸ ਚ ਕਰ ਲਿਆ ਹੈ ਅਤੇ ਕਲ੍ਹ ਸਿਹਤ ਵਿਭਾਗ ਦੀ ਟੀਮ ਵੱਲੋਂ ਤਹਿਸੀਲ ਸਟਾਫ਼ ਦੀ ਸੈਂਪਲਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਹਿਸੀਲ ਸਟਾਫ਼ ਨੂੰ ਇਕਾਂਤਵਾਸ ਹੋਣ ਲਈ ਕਹਿ ਦਿੱਤਾ ਗਿਆ ਹੈ।