ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਮਿਸ਼ਨ ਫ਼ਤਿਹ ਤਹਿਤ ਰਾਜ ਸਰਕਾਰ ਵੱਲੋਂ ਕੋਵਿਡ-19 ਮਰੀਜ਼ਾਂ ਦੀ ਸ਼ਨਾਖਤ ਲਈ ਸੈਂਪਲਿੰਗ ’ਚ ਤੇਜ਼ੀ ਲਿਆਉਣ ਦੀਆਂ ਹਦਾਇਤਾ ਅਨੁਸਾਰ ਅੱਜ ਜ਼ਿਲ੍ਹੇ ’ਚ 277 ਵਿਅਕਤੀਆਂ ਦੇ ਸੈਂਪਲ ਲਏ ਗਏ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਇਨ੍ਹਾਂ ਸੈਂਪਲਾਂ ’ਚ ਨਵਾਂਸ਼ਹਿਰ ਇਲਾਕੇ ’ਚੋਂ 106, ਬੰਗਾ ਇਲਾਕੇ ’ਚੋਂ 86 ਅਤੇ ਬਲਾਚੌਰ ਇਲਾਕੇ ’ਚੋਂ 85 ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸੈਂਪਲ ਮਿਲਾ ਕੇ ਜ਼ਿਲ੍ਹੇ ’ਚ ਹੁਣ ਤੱਕ ਕੀਤੀ ਗਈ ਸੈਂਪਲਿੰਗ 7400 ਦਾ ਅੰਕੜਾ ਪਾਰ ਕਰ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚੋਂ ਲਏ ਜਾ ਰਹੇ ਸੈਂਪਲਾਂ ’ਚ ਮੋਹਰਲੀ ਕਤਾਰ ’ਚ ਸ਼ਾਮਿਲ ਕਰਮਚਾਰੀਆਂ (ਫਰੰਟਲਾਈਨ ਵਾਰੀਅਰਜ਼), ਦੁਕਾਨਦਾਰਾਂ ਅਤੇ ਜ਼ਿਲ੍ਹੇ ’ਚ ਦੂਜੇ ਰਾਜਾਂ/ਵਿਦੇਸ਼ਾਂ ਤੋਂ ਆ ਰਹੇ ਵਿਅਕਤੀਆਂ ਦੇ ਸੈਂਪਲ ਸ਼ਾਮਿਲ ਹਨ। ਜ਼ਿਲ੍ਹਾ ਐਪੀਡੋਮੋਲਿਜਿਸਟ ਡਾ. ਜਗਦੀਪ ਅਨੁਸਾਰ ਜ਼ਿਲ੍ਹੇ ’ਚ ਸੈਂਪਲਿੰਗ ਲਈ ਵੱਖ-ਵੱਖ ਟੀਮਾਂ ਸਰਗਰਮ ਹਨ, ਜੋ ਨਵਾਂਸ਼ਹਿਰ, ਰਾਹੋਂ, ਮੁਕੰਦਪੁਰ, ਬੰਗਾ, ਬਲਾਚੌਰ ਤੇ ਕਾਠਗੜ੍ਹ ਇਲਾਕੇ ’ਚ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਗਿਣਤੀ ਲੋੜ ਅਨੁਸਾਰ ਵਧਾ ਲਈ ਜਾਂਦੀ ਹੈ। ਅੱਜ ਦੀ ਸੈਂਪਲਿੰਗ ਦੌਰਾਨ ਨਵਾਂਸ਼ਹਿਰ ਟੀਮ ਵੱਲੋਂ ਨਵਾਂਸ਼ਹਿਰ ’ਚੋਂ 58 ਅਤੇ ਰਾਹੋਂ ’ਚੋਂ 48, ਮੁਕੰਦਪੁਰ ਟੀਮ ਨੇ 44, ਬੰਗਾ ਟੀਮ ਵੱਲੋਂ 42, ਕਾਠਗੜ੍ਹ (ਰਿਆਤ ਕੈਂਪਸ ਟੀਮ) ਵੱਲੋਂ 41 ਅਤੇ ਬਲਾਚੌਰ ਟੀਮ ਵੱਲੋਂ 44 ਸੈਂਪਲ ਲਏ ਗਏ ਹਨ। ਜਿੰਨਾਂ ਵਿਅਕਤੀਆਂ ਦੀ ਅੱਜ ਸੈਂਪਿਲੰਗ ਕੀਤੀ ਗਈ ਨੂੰ ਕੋਵਾ ਐਪ ਡਾਊਨਲੋਡ ਕਰਵਾਈ ਗਈ ਅਤੇ ਨਾਲ ਹੀ ਕੋਵਿਡ ਤੋਂ ਬਚਾਅ ਲਈ ਅਤਿ ਜ਼ਰੂਰੀ ਸਾਵਧਾਨੀਆਂ ਜਿਵੇਂ ਹੱਥ ਧੋਣਾ, ਬਾਹਰ ਮੂੰਹ ਢਕ ਕੇ ਨਿਕਲਣਾ ਤੇ ਭੀੜ ਤੋਂ ਬਚਦੇ ਹੋਏ ਸਮਾਜਿਕ ਦੂਰੀ ਰੱਖਣਾ ਬਾਰੇ ਵੀ ਦੱਸਿਆ ਗਿਆ।