ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਇਕ ਸ਼ੱਕੀ ਹਮਲਾਵਾਰ ਹਿਊਸਟਨ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਪੁਲਿਸ ਮੁੱਖੀ ਆਰਟ ਅਸਵੀਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੱਕੀ ਹਮਲਾਵਰ ਨੇ ਇਕ ਕਾਰ ਜਿਸ ਵਿਚ 3 ਵਿਅਕਤੀ ਸਵਾਰ ਸਨ ਤੇ ਇਕ ਗਸ਼ਤੀ ਗੱਡੀ ਉਪਰ ਗੋਲੀਆਂ ਚਲਾਈਆਂ। ਬਾਅਦ ਵਿਚ ਉਸ ਨੇ ਫਰਾਰ ਹੋਣ ਦਾ ਯਤਨ ਕੀਤਾ । ਘੇਰੇ ਵਿਚ ਆਉਣ ਉਪਰੰਤ ਉਸ ਨੇ ਪੁਲਿਸ ਉਪਰ ਕਈ ਗੋਲੀਆਂ ਚਲਾਈਆਂ। 30 ਮਿੰਟ ਤੱਕ ਹਮਲਾਵਰ ਨੂੰ ਆਤਮ ਸਮਰਪਣ ਕਰਨ ਲਈ ਮਨਾਉਣ ਦਾ ਯਤਨ ਕੀਤਾ ਗਿਆ ਪਰ ਉਹ ਨਾ ਮੰਨਿਆ।
ਇਸ ਤੋਂ ਪਹਿਲਾਂ ਕਿ ਉਹ ਕਿਸੇ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਬਣਾਉਂਦਾ ਇਕ ਪੁਲਿਸ ਅਧਿਕਾਰੀ ਵੱਲੋਂ ਚਲਾਈ ਇਕੋ ਗੋਲੀ ਨਾਲ ਉਹ ਢੇਰ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਮੁੱਖੀ ਅਨੁਸਾਰ ਹੋਰ ਕੋਈ ਵੀ ਇਸ ਮੁਕਾਬਲੇ ਵਿਚ ਜ਼ਖਮੀ ਨਹੀਂ ਹੋਇਆ ਹੈ ਤੇ ਮਾਮਲੇ ਦੀ ਪੁਲਿਸ ਆਪਣੇ ਤੌਰ ‘ਤੇ ਜਾਂਚ ਕਰੇਗੀ।