ਮਿਸ਼ਨ ਫ਼ਤਿਹ ਤਹਿਤ ਚੱਲ ਰਿਹਾ ਘਰ-ਘਰ ਸਰਵੇਖਣ ਜ਼ਿਲ੍ਹੇ ਨੂੰ ਕੋਵਿਡ ਮੁਕਤ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ-ਡਾ. ਸੁਖਵਿੰਦਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ

ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ ਹੀਰਾ ਮਿਸ਼ਨ ਫ਼ਤਿਹ ਤਹਿਤ ‘ਘਰ ਘਰ ਨਿਗਰਾਨੀ’ ਐਪ ਰਾਹੀਂ ਕੀਤੇ ਜਾ ਰਹੇ ਸਰਵੇਖਣ ਦਾ ਜਾਇਜ਼ਾ ਲੈਂਦੇ ਹੋਏ।

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਮਿਸ਼ਨ ਫ਼ਤਿਹ ਤਹਿਤ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਦੀ ਸ਼ਨਾਖਤ ਲਈ ਸ਼ੁਰੂ ਕੀਤੇ ਘਰ-ਘਰ ਸਰਵੇਖਣ ਦਾ ਅੱਜ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ ਨੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਦਾ ਮੰਤਵ 30 ਸਾਲ ਤੋਂ ਉੱਪਰ ਦੇ ਸਾਰੇ ਵਿਅਕਤੀਆਂ ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਵੀ ਹੈ, ਦਾ ਡਾਟਾ ਆਨਲਾਈਨ ਇਕੱਠਾ ਕਰਨਾ ਹੈ ਅਤੇ ਨਾਲ ਹੀ ਹਰੇਕ ਘਰ ਦੇ ਬਾਹਰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕਰਦੇ ਸਟਿੱਕਰ ਲਾਉਣਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਰਵੇਖ਼ਣ ਤਹਿਤ ਦਿਲ ਦੀ ਬਿਮਾਰੀ, ਜਿਗਰ ਦੀ ਬਿਮਾਰੀ, ਟੀ ਬੀ, ਦਮਾ, ਬਲੱਡ ਪ੍ਰੈਸ਼ਰ, ਸ਼ੂਗਰ, ਫੇਫੜਿਆਂ ਦੀ ਕੋਈ ਵੀ ਪੁਰਾਣੀ ਬਿਮਾਰੀ ਜੋ ਸਾਹ ਲੈਣ ’ਚ ਤਕਲੀਫ਼ ਵਿਘਨ ਪਾਉਂਦੀ ਹੋਵੇ, ਦੌਰਾ, ਐਚ ਆਈ ਵੀ, ਕੈਂਸਰ ਤੇ ਗੁਰਦੇ ਨਾਲ ਸਬੰਧਤ ਗੰਭੀਰ ਬਿਮਾਰੀ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਥ ਵਰਕਰਾਂ ਵੱਲੋਂ ਕੀਤੇ ਜਾ ਰਹੇ ਸਰਵੇਖਣ ’ਚ ਇਕੱਤਰ ਕੀਤੇ ਜਾਂਦੇ ਵੇਰਵੇ ਵੀ ਦੇਖੇ ਅਤੇ ਸਰਵੇਖਣ ਦੌਰਾਨ ਆ ਰਹੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਬਾਰੇ ਵੀ ਪੁੱਛਿਆ। ਡਾ. ਸੁੱਖਵਿੰਦਰ ਸਿੰਘ ਹੀਰਾ ਨੇ ਕਿਹਾ ਕਿ ‘ਘਰ ਘਰ ਨਿਗਰਾਨੀ’ ਐਪ ਜ਼ਿਲ੍ਹੇ ਵਿੱਚ ਕੋਰੋਨਾ ਦੇ ਸੰਭਾਵੀ ਲੱਛਣਾਂ ਨਾਲ ਪੀੜਤਾਂ ਨੂੰ ਲੱਭਣ ਵਿੱਚ ਬਹੁਤ ਹੀ ਅਹਿਮ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ ਉਦੋਂ ਤੱਕ ਨਜ਼ਰਸਾਨੀ ਕੀਤੀ ਜਾਵੇਗੀ ਜਦੋਂ ਤੱਕ ਮਹਾਂਮਾਰੀ ਦਾ ਖਾਤਮਾ ਨਹੀਂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ਇਹ ਐਪ ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਤੇ ਟੈਸਟਿੰਗ ਲਈ ਸਹਾਈ ਸਿੱਧ ਹੋਵੇਗੀ ਜਿਸ ਨਾਲ ਸਮੂਹਿਕ ਫੈਲਾਅ ਰੋਕਣ ’ਚ ਮੱਦਦ ਮਿਲੇਗੀ। ਇਸ ਮੌਕੇ ਮੌਜੂਦ ਸਿਹਤ ਟੀਮ ’ਚ ਬੀ ਈ ਈ ਤਰਸੇਮ ਲਾਲ, ਬਲਵਿੰਦਰ ਕੌਰ ਐਲ ਐਚ ਵੀ, ਬਲਜੀਤ ਕੌਰ ਏ ਐਨ ਐਮ, ਚਰਨਜੀਤ ਕੌਰ ਆਸ਼ਾ, ਗੁਰਦੀਪ ਕੌਰ ਆਂਗਣਵਾੜੀ ਵਰਕਰ ਏ ਐੱਸ ਆਈ ਗੁਰਬਖਸ਼ ਸਿੰਘ ਮੌਜੂਦ ਸਨ।

Share This :

Leave a Reply