ਚਵਰ ਛਤਰ ਤਖਤ ਦੇ ਮਾਲਿਕ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ-ਭਾਈ ਧੂੰਦਾ
ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ ) ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਅਤੇ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦੇਣ ਵਾਲੇ ਸਮੂਹ ਮਿਸ਼ਨਰੀ ਪ੍ਰਚਾਰਕਾਂ ਦੀ ਇੱਕ ਇਕੱਤਰਤਾ ਭਾਈ ਦਵਿੰਦਰ ਸਿੰਘ ਕੈਰੋਂ ਦੇ ਗ੍ਰਹਿ ਵਿਖੇ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਪੰਥ ਪ੍ਰਸਿੱਧ ਸਖਸ਼ੀਅਤਾਂ ਉਘੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ, ਗਿਆਨੀ ਸੁਖਵਿੰਦਰ ਸਿੰਘ ਦਦੇਹਰ, ਪ੍ਰਚਾਰਕ ਨਛੱਤਰ ਸਿੰਘ ਭਾਂਬੜੀ , ਭਾਈ ਗੁਰਸ਼ਰਨ ਸਿੰਘ ਚੀਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਗਰਾਉਂਡ ਲੇਵਲ ਤੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੇ ਨੇ ਹਿੱਸਾ ਲਿਆ। ਜਿਸ ਵਿੱਚ ਮੌਜੂਦਾਂ ਸਮੇ ਦੇ ਹਲਾਤਾਂ ਤੇ ਚਰਚਾ ਹੋਈ।ਇਸ ਮੀਟਿੰਗ ਵਿੱਚ ਜਿਥੇ ਹੋਰ ਪੰਥਕ ਹਲਾਤਾਂ ਬਾਰੇ ਭਾਈ ਧੂੰਦਾ ਜੀ ਨੇ ਅਹਿਮ ਵੀਚਾਰਾਂ ਕੀਤੀਆਂ। ਉਥੇ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁੰਮ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਸਰੂਪਾਂ ਨੂੰ ਲੈ ਕੇ ਪੰਥਕ ਹਲਕਿਆਂ ਚ ਛਿੜੀ ਹੋਈ ਚਰਚਾ ਬਾਰੇ ਵੀ ਵੀਚਾਰਿਆ ਗਿਆ।ਪ੍ਰਚਾਰਕਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਆਇਆ ਬਿਆਨ ਆਪਸ ਚ ਇੱਕ ਦੂਜੇ ਦੇ ਉਲਟ ਬਿਆਨ ਸਨ।
ਜਿਸਦੀ ਸੰਗਤ ਵੱਲੋੰ ਪੁਰਜੋਰ ਸ਼ਬਦਾਂ ਚ ਨਿਖੇਧੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਗੁੰਮ ਹੋਏ ਸਰੂਪਾਂ ਬਾਰੇ ਅਜੇ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਕਿ ਆਖਰ ਏਨੀ ਵੱਡੀ ਗਿਣਤੀ ਚ ਇਹ ਸਰੂਪ ਗਏ ਕਿੱਥੇ? ਪੰਥਕ ਸੋਚ ਰੱਖਣ ਵਾਲੇ ਪ੍ਰਚਾਰਕਾਂ ਨੇ ਕਿਹਾ ਕਿ ਓਧਰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ 1 ਸਤੰਬਰ ਤੋਂ ਲੈ ਕੇ 8 ਸਤੰਬਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਕਮੇਟੀ ਨੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਦੇ ਹੋਏ ਬਚਿੱਤਰ ਨਾਟਕ ਦੀ ਕਥਾ ਆਰੰਭ ਕਰਵਾਈ ਸੀ। ਜੋ ਕਿ ਸਿੱਖੀ ਸਿਧਾਤਾਂ ਦਾ ਉਲਟ ਕਾਰਵਾਈ ਸੀ । ਪੰਥਕ ਹਲਕਿਆਂ ਚ ਇਸਦੀ ਨਿਖੇਧੀ ਵੀ ਹੋਈ ਅਤੇ ਦਿੱਲੀ ਦੀ ਸੰਗਤ ਨੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵੀ ਕੀਤਾ। ਪਰ ਦਿੱਲੀ ਕਮੇਟੀ ਨੇ ਸੰਗਤ ਦੀਆਂ ਭਾਵਨਾਵਾਂ ਦੇ ਉਲਟ ਹੋ ਰਹੇ ਇਸ ਪ੍ਰਚਾਰ ਤੇ ਕੋਈ ਰੋਕ ਨਾ ਲਾਈ । ਸਿੱਖ ਪ੍ਰਚਾਰਕਾਂ ਦੀ ਇਸ ਇਕੱਤਰਤਾ ਵਿੱਚ ਇਸ ਸਾਰੇ ਵਰਤਾਰੇ ਨੂੰ ਮੰਦਭਾਗਾ ਦੱਸਦੇ ਹੋਏ। ਇਹ ਸਪੱਸ਼ਟ ਕੀਤਾ ਗਿਆ ਕਿ ਸਿੱਖਾਂ ਦੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਚਵਰ, ਛਤਰ ਤਖਤ ਦੇ ਮਾਲਿਕ ਹਨ ।ਅਤੇ ਉਹਨਾਂ ਦੀ ਬਰਾਬਰਤਾ ਹੋਰ ਕੋਈ ਗ੍ਰੰਥ ਨਹੀਂ ਕਰ ਸਕਦਾ। ਇਸ ਕਰਕੇ ਇੱਕ ਗ੍ਰੰਥ ਤੇ ਇੱਕ ਮਰਿਯਾਦਾ ਨੂੰ ਤਰਜੀਹ ਦੇਣੀ ਹਰੇਕ ਪ੍ਰੰਬਧਕ ਕਮੇਟੀ ਦਾ ਫਰਜ ਬਣਦਾ ਹੈ।ਇਸ ਮੌਕੇ ਪੰਥਕ ਮਰਯਾਦਾ ਉਤੇ ਪਹਿਰਾ ਦੇਣ ਵਾਲੇ ਕੁੱਝ ਪ੍ਰਚਾਰਕਾਂ ਨੇ ਪਿੰਡਾਂ ਸ਼ਹਿਰਾਂ ਚ ਚੱਲ ਰਹੇ ਪ੍ਰਚਾਰ ਪ੍ਰਸਾਰ ਦੌਰਾਨ ਸੰਪਰਦਾਈ ਲੋਕਾਂ ਵੱਲੋਂ ਮਿਲ ਰਹੀਆਂ ਧਮਕੀਆਂ ਅਤੇ ਆਉਂਦੀਆਂ ਮੁਸ਼ਕਲਾਂ ਦੀ ਵੀ ਸਾਂਝ ਪਾਈ ।ਇਸ ਮੀਟਿੰਗ ਵਿਚ ਪ੍ਰਚਾਰਕ ਜਗਜੀਤ ਸਿੰਘ ਚੀਮਾਂ, ਪ੍ਰਚਾਰਕ ਸੁਖਵਿੰਦਰ ਸਿੰਘ ਪਲਾਸੋਰ, ਪ੍ਰਚਾਰਕ ਨਿਰਮਲ ਸਿੰਘ ਸੁਰਸਿੰਘ, ਪ੍ਰਚਾਰਕ ਸਮਰੀਤ ਸਿੰਘ, ਪ੍ਰਚਾਰਕ ਜੋਗਾ ਸਿੰਘ, ਪ੍ਰਚਾਰਕ ਜਗਜੀਤ ਸਿੰਘ ਅਹਿਮਦਪੁਰ, ਤਸਬੀਰ ਸਿੰਘ ਮਰਹਾਣਾ, ਗੁਰਨਿਸ਼ਾਨ ਸਿੰਘ ਪੱਟੀ, ਗੁਰਜੰਟ ਸਿੰਘ ਬ੍ਰਹਮਪੁਰਾ , ਗੁਰਮੀਤ ਸਿੰਘ ਮਾਲੂਵਾਲ, ਦਵਿੰਦਰ ਸਿੰਘ ਸਭਰਾ, ਪ੍ਰਭਸ਼ਰਨ ਸਿੰਘ ,ਹਰਪ੍ਰੀਤ ਸਿੰਘ ਸੁਰਸਿੰਘ, ਨਿਸ਼ਾਨ ਸਿੰਘ ਮਾਲੂਵਾਲ, ਮਨਪ੍ਰੀਤ ਸਿੰਘ ਸੰਗਵਾਂ, ਗੁਰਪ੍ਰੀਤ ਸਿੰਘ ਸਭਰਾ ਆਦਿ ਸ਼ਾਮਿਲ ਸਨ।






















