ਜੀ.ਓ.ਜੀਜ਼ ਦਾ ਪ੍ਰਸ਼ਾਸਨਿਕ ਪਾਰਦਰਸ਼ਤਾ ਤੇ ਲੋਕ ਮੁਸ਼ਕਿਲਾਂ ਪ੍ਰਸ਼ਾਸਨ ਤੱਕ ਪਹੁੰਚਾਉਣ ’ਚ ਵਿਸ਼ੇਸ਼ ਯੋਗਦਾਨ-ਡੀ ਸੀ ਸ਼ੇਨਾ ਅਗਰਵਾਲ

ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜ਼ਿਲ੍ਹੇ ਦੇ ਜੀ ਓ ਜੀਜ਼ ਵੱਲੋਂ ਕੀਤੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਦੇ ਹੋਏ।

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਮਾ ਅਗਰਵਾਲ ਨੇ ਅੱਜ ਇੱਥੇ ਆਖਿਆ ਕਿ ਗਾਰਡੀਅਨਜ਼ ਆਫ਼ ਗਵਰਨੈਂਸ (ਜੀ ਓ ਜੀਜ਼) ਦਾ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਲੋਕ ਮੁਸ਼ਕਿਲਾਂ ਪ੍ਰਸ਼ਾਸਨ ਤੱਕ ਪਹੁੰਚਾਉਣ ’ਚ ਵਿਸ਼ੇਸ਼ ਯੋਗਦਾਨ ਹੈ। ਅੱਜ ਇੱਥੇ ਜੀ ਓ ਜੀਜ਼ ਨੂੰ ਮਿਸ਼ਨ ਫ਼ਤਿਹ, ਕੋਵਿਡ ਲਾਕਡਾਊਨ ਅਤੇ ਮੰਡੀਆਂ ਦੇ ਸੀਜ਼ਨ ਦੌਰਾਨ ਨਿਭਾਈਆਂ ਸੇਵਾਵਾਂ ਲਈ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕਰਦਿਆਂ, ਡਾ. ਅਗਰਵਾਲ ਨੇ ਕਿਹਾ ਕਿ ਇਨ੍ਹਾਂ ਜੀ ਓ ਜੀਜ਼ ਵਿੱਚ ਸਰਹੱਦਾਂ ’ਤੇ ਕੀਤੀ ਸੇਵਾ ਕਾਰਨ ਹਮੇਸ਼ਾਂ ਰਾਸ਼ਟਰ ਅਤੇ ਦੇਸ਼ ਵਾਸੀਆਂ ਪ੍ਰਤੀ ਸੇਵਾ ਦਾ ਜਜ਼ਬਾ ਪ੍ਰਥਮ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜੀ ਓ ਜੀਜ਼ ਨੇ ਸਰਕਾਰ ਦੀਆਂ ਵੱਖ-ਵੱਖ ਮੁਹਿੰਮਾਂ ਜਿਵੇਂ ਡੈਪੋ, ਮਿਸ਼ਨ ਤੰਦਰੁਸਤ ਪੰਜਾਬ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਆਦਿ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾ ਕੇ ਕਾਮਯਾਬ ਕੀਤਾ, ਉਸੇ ਤਰ੍ਹਾਂ ਹੁਣ ਮੁਸ਼ਕਿਲ ਦੇ ਸਮੇਂ ’ਚ ਕੋਵਿਡ ਲਾਕਡਾਊਨ ਦੌਰਾਨ ਲੋਕ ਸੇਵਾ ਵਿੱਚ ਕੋਈ ਕਮੀ ਨਹੀਂ ਰੱਖੀ।

ਉਨ੍ਹਾਂ ਕਿਹਾ ਕਿ ਜਦੋਂ ਕੋਵਿਡ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ’ਚ ਦਵਾਈਆਂ ਸਪਲਾਈ ਕਰਨ ਦਾ ਮੌਕਾ ਆਇਆਂ ਤਾਂ ਜੀ ਓ ਜੀਜ਼ ਨੇ ਜ਼ਿਲ੍ਹੇ ’ਚ ਅੱਗੇ ਹੋ ਕੇ ਡਿਊਟੀ ਨਿਭਾਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੰਡੀਆਂ ਦੇ ਸੀਜ਼ਨ ਦੌਰਾਨ ਮੰਡੀਆਂ ’ਚ ਕੋਵਿਡ ਪ੍ਰਤੀ ਸਾਵਧਾਨੀਆਂ ਨੂੰ ਯਕੀਨੀ ਬਣਾਉਣ ਲਈ ਜਦੋਂ ਵਾਲੰਟੀਅਰਾਂ ਦੀ ਲੋੜ ਪਈ ਤਾਂ ਉਸ ਵੇਲੇ ਵੀ ਜੀ ਓ ਜੀਜ਼ ਨੇ ਬਹੁਤ ਹੀ ਪ੍ਰਤੀਬੱਧਤਾ ਅਤੇ ਕਰਮੱਠਤਾ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਕਣਕ ਦੇ ਖਰੀਦ ਸੀਜ਼ਨ ਨੂੰ ਨੇਪਰੇ ਚਾੜ੍ਹਨ ’ਚ ਮੱਦਦ ਕੀਤੀ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਮਿਸ਼ਨ ਫ਼ਤਿਹ ਨੂੰ ਪਿੰਡ-ਪਿੰਡ, ਘਰ-ਘਰ ਤੱਕ ਲਿਜਾਣ ’ਚ ਜੀ ਓ ਜੀਜ਼ ਵੀ ਫਰੰਟਲਾਈਨ ਯੋਧਿਆਂ ਵਜੋਂ ਵਿਚਰੇ ਅਤੇ ਹਰੇਕ ਪਿੰਡ ’ਚ ਲੋਕਾਂ ਨੂੰ ਤਿੰਨ ਜ਼ਰੂਰੀ ਚੀਜ਼ਾਂ, ਮਾਸਕ, ਸਮਾਜਿਕ ਦੂਰੀ ਤੇ ਵਾਰ-ਵਾਰ ਹੱਥ ਧੋਣ ਬਾਰੇ ਸਮਝਾਇਆ।
ਜੀ ਓ ਜੀਜ਼ ਦੇ ਜ਼ਿਲ੍ਹਾ ਮੁਖੀ ਕਰਨਲ ਚੂਹੜ ਸਿੰਘ ਦੀ ਮੌਜੂਦਗੀ ’ਚ ਤਿੰਨਾਂ ਤਹਿਸੀਲ ਮੁਖੀਆਂ ਸ਼ਰਨਜੀਤ ਸਿੰਘ ਬੰਗਾ, ਸਤਪਾਲ ਸਿੰਘ ਨਵਾਂਸ਼ਹਿਰ ਤੇ ਭਗਤ ਰਾਮ ਬਲਾਚੌਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਦਿਆਂ ਉਨ੍ਹਾਂ ਕਰਨਲ ਚੂਹੜ ਸਿੰਘ ਨੂੰ ਸਮੁੱਚੇ 132 ਜੀ ਓ ਜੀਜ਼ ਮੈਂਬਰਾਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਇਹ ਧੰਨਵਾਦੀ ਸਤਰਾਂ ਅਤੇ ਪ੍ਰਸ਼ੰਸਾ ਪੱਤਰ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪੀ। ਉਨ੍ਹਾਂ ਨਾਲ ਹੀ ਜੀ ਓ ਜੀਜ਼ ਨੂੰ ਅਪੀਲ ਕੀਤੀ ਕਿ ਮਿਸ਼ਨ ਫ਼ਤਿਹ ਦਾ ਸਫ਼ਰ ਹਾਲੇ ਮੁੱਕਿਆ ਨਹੀਂ। ਸਾਨੂੰ ਆਪਣੇ ਜ਼ਿਲ੍ਹੇ ਅਤੇ ਪੰਜਾਬ ਨੂੰ ਕੋਵਿਡ ਮੁਕਤ ਕਰਨ ਲਈ ਅਣਥੱਕ ਮੇਹਨਤ ਅਤੇ ਯਤਨ ਕਰਨੇ ਪੈਣਗੇ। ਜਦੋਂ ਤੱਕ ਅਸੀਂ ਆਪਣੇ ਇਨ੍ਹਾਂ ਯਤਨਾਂ ’ਚ ਸਫ਼ਲ ਨਹੀਂ ਹੁੰਦੇ, ਉਦੋਂ ਤੱਕ ਸਾਨੂੰ ਆਪਣਾ ਸਫ਼ਰ ਜਾਰੀ ਰੱਖਣਾ ਪਵੇਗਾ।

Share This :

Leave a Reply