ਚੰਡੀਗੜ੍ਹ (ਮੀਡੀਆ ਬਿਊਰੋ) ਯੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਆਪਣੇ ਹੱਕ ਲੈਣ ਦੇ ਯੋਗ ਬਣਾਉਣ ਲਈ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਦਿਵਿਆਂਗ ਵਿਅਕਤੀਆਂ (ਨੇਤਰਹੀਣ, ਅਪੰਗ, ਬੋਲਣ ਤੇ ਸੁਣਨ ਵਿੱਚ ਅਸਮਰੱਥ ਅਤੇ ਮਾਨਸਿਕ ਤੌਰ ’ਤੇ ਕਮਜ਼ੋਰ ਵਿਕਅਤੀਆਂ) ਲਈ ਵਿੱਤੀ ਸਹਾਇਤਾ ਯੋਜਨਾ ਦੇ ਲਾਭਪਾਤਰੀਆਂ ਵਾਸਤੇ ਪਛਾਣ ਦਸਤਾਵੇਜ਼ ਵਜੋਂ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸੁਰੂ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਇੱਥੇ ਮੰਗਲਵਾਰ ਨੂੰ ਦੱਸਿਆ ਕਿ ਵਿਭਾਗ ਨੇ ਵੱਖ-ਵੱਖ ਸਕੀਮਾਂ ਨਾਲ ਆਧਾਰ ਨੰਬਰ ਜੋੜਨ ਦੀ ਪ੍ਰਕਿਰਿਆ ਸੁਰੂ ਕੀਤੀ ਹੈ ਤਾਂ ਜੋ ਲਾਭਪਾਤਰੀਆਂ ਨੂੰ ਨਿਰਵਿਘਨ ਢੰਗ ਨਾਲ ਆਪਣੇ ਹੱਕ ਮਿਲ ਸਕਣ। ਉਨਾਂ ਕਿਹਾ ਕਿ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਯੋਗ ਵਿਅਕਤੀ ਨੂੰ ਆਪਣੇ ਆਧਾਰ ਨੰਬਰ ਦਾ ਸਬੂਤ ਦੇਣਾ ਹੋਵੇਗਾ ਜਾਂ ਆਧਾਰ ਪ੍ਰਮਾਣੀਕਰਨ ਕਰਵਾਉਣਾ ਹੋਵੇਗਾ।
ਉਨਾਂ ਅੱਗੇ ਕਿਹਾ ਕਿ ਇਸ ਸਕੀਮ ਅਧੀਨ ਲਾਭ ਲੈਣ ਦਾ ਇਛੁੱਕ ਕੋਈ ਵੀ ਵਿਅਕਤੀ, ਜਿਸ ਕੋਲ ਅਧਾਰ ਕਾਰਡ ਨਹੀਂ ਹੈ ਜਾਂ ਹਾਲੇ ਤੱਕ ਆਧਾਰ ਕਾਰਡ ਲਈ ਅਪਲਾਈ ਨਹੀਂ ਕੀਤਾ, ਨੂੰ ਆਧਾਰ ਕਾਰਡ ਬਣਵਾਉਣ ਲਈ ਬਿਨੈ ਕਰਨਾ ਹੋਵੇਗਾ ਅਤੇ ਅਜਿਹੇ ਵਿਅਕਤੀ ਆਪਣਾ ਆਧਾਰ ਕਾਰਡ ਬਣਵਾਉਣ ਲਈ ਆਧਾਰ ਕਾਰਡ ਬਣਾਉਣ ਵਾਲੇ ਕਿਸੇ ਵੀ ਕੇਂਦਰ ਤੱਕ ਪਹੁੰਚ ਕਰ ਸਕਦਾ ਹੈ।ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਅਜਿਹੇ ਲਾਭਪਾਤਰੀਆਂ ਲਈ ਆਧਾਰ ਕਾਰਡ ਬਣਵਾਉਣ ਦੀਆਂ ਸਹੂਲਤਾਂ ਪ੍ਰਦਾਨ ਕਰੇਗਾ ਜਿਨਾਂ ਨੇ ਅਜੇ ਤੱਕ ਆਧਾਰ ਕਾਰਡ ਲਈ ਅਪਲਾਈ ਨਹੀਂ ਕੀਤਾ ਅਤੇ ਜੇਕਰ ਸਬੰਧਤ ਬਲਾਕ ਜਾਂ ਤਹਿਸੀਲ ਵਿੱਚ ਕੋਈ ਅਧਾਰ ਕਾਰਡ ਬਣਾਉਣ ਵਾਲਾ ਕੇਂਦਰ ਨਹੀਂ ਹੈ ਤਾਂ ਵਿਭਾਗ ਅਨੁਕੂਲ ਥਾਵਾਂ ’ਤੇ ਆਧਾਰ ਨਾਮਾਂਕਣ ਸਹੂਲਤਾਂ ਦਾ ਪ੍ਰਬੰਧ ਕਰੇਗਾ। ਉਨਾਂ ਦੱਸਿਆ ਕਿ ਜਦੋਂ ਤੱਕ ਵਿਅਕਤੀ ਦਾ ਆਧਾਰ ਕਾਰਡ ਨਹੀਂ ਬਣ ਜਾਂਦਾ ਉਦੋਂ ਤੱਕ ਅਜਿਹੇ ਵਿਅਕਤੀ ਆਪਣੀ ਆਧਾਰ ਨਾਮਾਂਕਣ ਪਛਾਣ ਸਲਿੱਪ, ਵੋਟਰ ਸ਼ਨਾਖਤੀ ਕਾਰਡ, ਵੋਟਰ ਸੂਚੀ, ਜਨਮ ਸਰਟੀਫਿਕੇਟ, ਮੈਟਿ੍ਰਕ ਸਰਟੀਫਿਕੇਟ, ਅਪੰਗਤਾ ਸਰਟੀਫਿਕੇਟ ਵਿਖਾ ਕੇ ਸਕੀਮ ਅਧੀਨ ਲਾਭ ਪ੍ਰਾਪਤ ਕਰ ਸਕਦੇ ਹਨ। ਵਿਭਾਗ ਦੇ ਵਿਸ਼ੇਸ਼ ਤੌਰ ਤੇ ਨਾਮਜ਼ਦ ਅਧਿਕਾਰੀਆਂ ਦੁਆਰਾ ਇਨਾਂ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਸਕਦੀ ਹੈ।ਉਨਾਂ ਅੱਗੇ ਕਿਹਾ ਕਿ ਅਜਿਹੇ ਮਾਮਲਿਆਂ ਜਿਥੇ ਮਾੜੀ ਬਾਇਓਮੈਟਿ੍ਰਕਸ ਜਾਂ ਕਿਸੇ ਹੋਰ ਕਾਰਨ ਕਰਕੇ ਆਧਾਰ ਪ੍ਰਮਾਣਿਕਤਾ ਫੇਲ ਹੋ ਜਾਂਦੀ ਹੈ ਤਾਂ ਪ੍ਰਮਾਣਿਕਤਾ ਲਈ ਆਇਰਿਸ ਸਕੈਨ ਜਾਂ ਫੇਸ ਪ੍ਰਮਾਣਿਕਤਾ ਵਿਧੀ ਅਪਣਾਈ ਜਾਵੇ ਅਤੇ ਵਿਭਾਗ ਫਿੰਗਰ-ਪਿ੍ਰੰਟ ਪ੍ਰਮਾਣਿਕਤਾ ਦੇ ਨਾਲ ਆਇਰਿਸ ਸਕੈਨਰ ਜਾਂ ਫੇਸ ਪ੍ਰਮਾਣਿਕਤਾ ਵਿਧੀ ਲਈ ਪ੍ਰਬੰਧ ਕਰੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇ ਫਿੰਗਰਪਿ੍ਰੰਟ ਜਾਂ ਆਇਰਿਸ ਸਕੈਨ ਜਾਂ ਫੇਸ ਪ੍ਰਮਾਣਿਕਤਾ ਜ਼ਰੀਏ ਬਾਇਓਮੈਟਿ੍ਰਕ ਤਸਦੀਕ ਫੇਲ ਹੋ ਜਾਂਦੀ ਹੈ ਤਾਂ ਜਿੱਥੇ ਵੀ ਸੰਭਵ ਅਤੇ ਮੰਨਣਯੋਗ ਹੋਵੇ, ਸੀਮਿਤ ਸਮੇਂ ਦੀ ਵੈਧਤਾ ਨਾਲ ਆਧਾਰ ਵਨ ਟਾਈਮ ਪਾਸਵਰਡ ਜਾਂ ਟਾਈਮ-ਅਧਾਰਤ ਵਨ-ਟਾਈਮ ਪਾਸਵਰਡ ਦੁਆਰਾ ਤਸਦੀਕ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨਾਂ ਕਿਹਾ ਕਿ ਅਜਿਹੇ ਮਾਮਲਿਆਂ ਜਿੱਥੇ ਬਾਇਓ-ਮੈਟਿ੍ਰਕ ਜਾਂ ਆਧਾਰ ਵਨ ਟਾਈਮ ਪਾਸਵਰਡ ਜਾਂ ਟਾਈਮ ਅਧਾਰਤ ਵਨ-ਟਾਈਮ ਪਾਸਵਰਡ ਪ੍ਰਕਾਣੀਕਰਨ ਸੰਭਵ ਨਹੀਂ ਹੈ ਤਾਂ ਯੋਜਨਾ ਅਧੀਨ ਲਾਭ ਫਿਜ਼ੀਕਲ ਆਧਾਰ ਕਾਰਡ ਦੇ ਆਧਾਰ ’ਤੇ ਦਿੱਤੇ ਜਾ ਸਕਦੇ ਹਨ।






















