ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਖ਼ਾਤਮੇ ਲਈ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਆਰੰਭੇ ‘ਮਿਸ਼ਨ ਫ਼ਤਿਹ’ ਨੂੰ ਅੱਜ ਜ਼ਿਲੇ ਵਿਚ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਸਮਾਜ ਸੇਵੀ ਰਮਨਦੀਪ ਸਿੰਘ ਸਪੁੱਤਰ ਸਵਰਗੀ ਰੇਸ਼ਮ ਸਿੰਘ ਥਿਆੜਾ ਵੱਲੋਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਇਕਾਂਤਵਾਸ ਵਿਚ ਰੱਖੇ ਜਾਣ ਵਾਲੇ ਵਿਅਕਤੀਆਂ ਲਈ 100 ਹਾਈਜੀਨ ਕਿੱਟਾਂ ਭੇਟ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮਾਜ ਸੇਵੀ ਨੌਜਵਾਨ ਰਮਨਦੀਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਮਿਸ਼ਨ ਫ਼ਤਿਹ’ ਨੂੰ ਸਫਲ ਕਰਨ ਲਈ ਜ਼ਿਲੇ ਦੇ ਸਮਾਜ ਸੇਵੀਆਂ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੋਵਿਡ ਦੀ ਇਸ ਬੇਹੱਦ ਔਖੀ ਘੜੀ ਵਿਚ ਵੱਡੀ ਗਿਣਤੀ ਵਿਚ ਦਾਨੀ ਸੱਜਣਾਂ ਅਤੇ ਸੰਸਥਾਵਾਂ ਵੱਲੋਂ ਆਪ ਮੁਹਾਰੇ ਮਦਦ ਲਈ ਅੱਗੇ ਆ ਰਹੀਆਂ ਹਨ ਅਤੇ ਉਨਾਂ ਵੱਲੋਂ ਸਹੀ ਅਰਥਾਂ ਵਿਚ ਮਨੁੱਖਤਾ ਦੇ ਹਮਦਰਦ ਹੋਣ ਦਾ ਪ੍ਰਮਾਣ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਇਸ ਮਹਾਮਾਰੀ ਨੂੰ ਕਾਬੂ ਕਰਨ ਵਿਚ ਕਾਫੀ ਹੱਦ ਤੱਕ ਸਫਲਤਾ ਪ੍ਰਾਪਤ ਕੀਤੀ ਹੈ। ਉਨਾਂ ਕਿਹਾ ਕਿ ਇਸੇ ਤਰਾਂ ਸਭਨਾਂ ਦੇ ਸਹਿਯੋਗ ਨਾਲ ਹੀ ਕੋਵਿਡ ਖਿਲਾਫ਼ ਇਹ ਜੰਗ ਜਿੱਤੀ ਜਾ ਸਕਦੀ ਹੈ । ਇਸ ਮੌਕੇ ਰਮਨਦੀਪ ਨੇ ਦੱਸਿਆ ਕਿ ਇਨਾਂ ਕਿੱਟਾਂ ਵਿਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਸਾਮਾਨ, ਜਿਵੇਂ ਨਹਾਉਣ ਤੇ ਕੱਪੜੇ ਧੋਣ ਵਾਲਾ ਸਾਬਣ, ਸ਼ੈਂਪੂ, ਸੈਨੀਟਾਈਜ਼ਰ, ਮਾਸਕ, ਟੁੱਥਪੇਸਟ, ਬਰੱਸ਼, ਗੁਲੂਕੋਜ਼, ਔਰੇਂਜ ਸਕੂਐਸ਼, ਆਲ ਆਊਟ, ਬਿਸਕੁਟ ਤੇ ਟਿਸ਼ੂ ਪੇਪਰ ਆਦਿ ਸ਼ਾਮਲ ਹਨ, ਤਾਂ ਜੋ ਇਕਾਂਤਵਾਸ ਵਿਚ ਰਹਿਣ ਵਾਲਿਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਮਨਦੀਪ ਜ਼ਿਲੇ ਦੇ ਇਕਾਂਤਵਾਸ ਕੇਂਦਰਾਂ ਲਈ 100 ਹਾਈਜੀਨ ਕਿੱਟਾਂ ਭੇਟ ਕਰ ਚੁੱਕੇ ਹਨ ।